ਪਟਨਾ, 15 ਸਤੰਬਰ
ਵਿਰੋਧੀ ਧਿਰਾਂ ’ਚ ਏਕੇ ਦੀਆਂ ਕੋਸ਼ਿਸ਼ਾਂ ’ਚ ਜੁਟੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਾਅਦਾ ਕੀਤਾ ਹੈ ਕਿ ਜੇਕਰ ਸੰਭਾਵੀ ਗ਼ੈਰ-ਭਾਜਪਾ ਗੱਠਜੋੜ ਕੇਂਦਰ ’ਚ ਸਰਕਾਰ ਬਣਾਉਂਦਾ ਹੈ ਤਾਂ ਉਹ ਸਾਰੇ ਪੱਛੜੇ ਸੂਬਿਆਂ ਨੂੰ ਵਿਸ਼ੇਸ਼ ਦਰਜਾ ਦੇਣਗੇ। ਜ਼ਿਕਰਯੋਗ ਹੈ ਕਿ ਨਿਤੀਸ਼ ਝਾਰਖੰਡ ਦੇ ਸੂਬਾ ਬਣਨ ਮਗਰੋਂ ਮਾਲੀਏ ਅਤੇ ਖਣਿਜ ਸੰਪਤੀ ਦੇ ਨੁਕਸਾਨ ਦਾ ਹਵਾਲਾ ਦਿੰਦਿਆਂ ਪਿਛਲੇ ਕੁਝ ਸਮੇਂ ਤੋਂ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਦੇ ਆ ਰਹੇ ਹਨ।
ਉਨ੍ਹਾਂ ਕਈ ਵਾਰ ਇਥੋਂ ਤੱਕ ਆਖਿਆ ਹੈ ਕਿ ਜਿਹੜੀ ਪਾਰਟੀ ਉਨ੍ਹਾਂ ਦੀ ਮੰਗ ਪੂਰੀ ਕਰੇਗੀ, ਉਹ ਉਸ ਨੂੰ ਕੇਂਦਰ ’ਚ ਹਮਾਇਤ ਦੇਣਗੇ। ਜਨਤਾ ਦਲ (ਯੂ) ਆਗੂ ਨੇ ਗੋਆ ’ਚ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਨ ਲਈ ਸਾਬਕਾ ਭਾਈਵਾਲ ਭਾਜਪਾ ਦੀ ਵੀ ਆਲੋਚਨਾ ਕੀਤੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ,‘‘ਇਹ ਹਰ ਕੋਈ ਜਾਣਦਾ ਹੈ ਕਿ ਦੂਜੀਆਂ ਪਾਰਟੀਆਂ ਨੂੰ ਤੋੜਨ ਦੀ ਕੌਣ ਕੋਸ਼ਿਸ਼ ਕਰਦਾ ਹੈ ਅਤੇ ਉਸ ਵੱਲੋਂ ਕਿਹੜੇ ਹੱਥਕੰਡੇ ਅਪਣਾਏ ਜਾਂਦੇ ਹਨ।’’ ਭਾਜਪਾ ਨਾਲ ਗੱਠਜੋੜ ਨੂੰ ‘ਗਲਤੀ’ ਕਰਾਰ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਨਾਲ ਜੁੜਨ ਕਰਕੇ ਭਗਵਾ ਪਾਰਟੀ ਨੂੰ ਝਟਕਾ ਲੱਗਿਆ ਹੈ ਜਿਸ ਕਾਰਨ ਉਸ ਦੇ ਆਗੂ ਉਨ੍ਹਾਂ ਖ਼ਿਲਾਫ਼ ਗ਼ੈਰਜ਼ਿੰਮੇਵਾਰਾਨਾ ਬਿਆਨ ਦਾਗ਼ ਰਹੇ ਹਨ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਦਿੱਤੇ ਗਏ ਭੜਕਾਊ ਬਿਆਨਾਂ ’ਤੇ ਵਰ੍ਹਦਿਆਂ ਨਿਤੀਸ਼ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਜਾਪਦਾ ਹੈ ਕਿ ਮੇਰੇ ਖ਼ਿਲਾਫ਼ ਹਮਲੇ ਕਰਕੇ ਉਹ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਤੋਂ ਕੋਈ ਇਨਾਮ ਹਾਸਲ ਕਰ ਲੈਣਗੇ। ਬੇਗੂਸਰਾਏ ’ਚ ਗੋਲੀਬਾਰੀ ਦੀ ਘਟਨਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਦੀ ਲਗਾਤਾਰ ਜਾਣਕਾਰੀ ਲੈ ਰਹੇ ਹਨ। ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤੀ ਗਈ ਸ਼ਲਾਘਾ ਬਾਰੇ ਪੁੱਛੇ ਜਾਣ ’ਤੇ ਨਿਤੀਸ਼ ਨੇ ਕੋਈ ਜਵਾਬ ਨਾ ਦਿੱਤਾ ਅਤੇ ਸਿਰਫ਼ ਮੁਸਕਰਾਉਂਦਿਆਂ ਹੱਥ ਜੋੜ ਦਿੱਤੇ। -ਪੀਟੀਆਈ