ਨਵੀਂ ਦਿੱਲੀ, 7 ਜੂਨ
ਬਿਹਾਰ ਅਸੈਂਬਲੀ ਚੋਣਾਂ ਲਈ ਚੋਣ ਪਿੜ ਤਿਆਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਕਾਰਜਕਾਲ ਵਿੱਚ ਸੂਬਾ ‘ਜੰਗਲ ਰਾਜ ’ਚੋਂ ਨਿਕਲ ਕੇ ਜਨਤਾ ਰਾਜ’ ਵੱਲ ਗਿਆ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਐੱਨਡੀਏ ਨੂੰ ਬਿਹਾਰ ਵਿੱਚ ਦੋ-ਤਿਹਾਈ ਬਹੁਮੱਤ ਮਿਲੇਗਾ। ਸ੍ਰੀ ਸ਼ਾਹ ਵੀਡੀਓ ਕਾਨਫਰੰਸ ਰਾਹੀਂ ਪਾਰਟੀ ਵਰਕਰਾਂ ਤੇ ਬਿਹਾਰ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਸ਼ਾਹ ਨੇ ਬਿਹਾਰ ’ਚ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਸ ਦੇ ਰਾਜ ਵਿੱਚ ਸੂਬੇ ਦੀ ਵਿਕਾਸ ਦਰ ਮਹਿਜ਼ 3.9 ਫੀਸਦ ਸੀ, ਜੋ ਐੱਨਡੀਏ ਦੇ ਕਾਰਜਕਾਲ ਵਿੱਚ ਵੱਧ ਕੇ 11.3 ਫੀਸਦ ਹੋ ਗਈ ਹੈ। ਉਨ੍ਹਾਂ ਆਰਜੇਡੀ ਦੇ ਚੋਣ ਨਿਸ਼ਾਨ ਦੇ ਹਵਾਲੇ ਨਾਲ ਕਿਹਾ ਕਿ ਬਿਹਾਰ ਅੱਜ ‘ਲਾਲਟੈੱਨ ਰਾਜ’ ਤੋਂ ‘ਐੱਲਈਡੀ ਰਾਜ’ ਵਿੱਚ ਪੁੱਜ ਗਿਆ ਹੈ।
ਭਾਜਪਾ ਦੇ ਸੂਬਾਈ ਪ੍ਰਧਾਨ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਇਸ ਰੈਲੀ ਦਾ ਬਿਹਾਰ ਦੀ ਚੋਣ ਮੁਹਿੰਮ ਨਾਲ ਕੋਈ ਸਰੋਕਾਰ ਨਹੀਂ ਤੇ ਇਸ ਦਾ ਮੁੱਖ ਮੰਤਵ ਕੋਵਿਡ-19 ਖਿਲਾਫ਼ ਲੜਾਈ ਵਿੱਚ ਲੋਕਾਂ ਨਾਲ ਜੁੜਨਾ ਹੈ। ਸ਼ਾਹ ਨੇ ਕਿਹਾ, ‘ਰੈਲੀ ਦਾ ਮੁੱਖ ਮਕਸਦ ‘ਆਤਮਨਿਰਭਰ ਭਾਰਤ’ ਮੁਹਿੰਤ ਤਹਿਤ ਲੋਕਾਂ ਨਾਲ ਜੁੜਨਾ ਹੈ। ਭਾਜਪਾ ਅਜਿਹੀਆਂ 75 ਮੀਟਿੰਗਾਂ ਕਰੇਗੀ।’ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਲੋਕਾਂ ਲਈ ਕੰਮ ਕਰ ਰਹੇ ਹਨ, ਪਰ ਸ਼ਾਇਦ ਉਹ ਇਨ੍ਹਾਂ ਦਾ ਪ੍ਰਚਾਰ ਪਾਸਾਰ ਕਰਨ ਵਿੱਚ ਪਿੱਛੇ ਹਨ।
-ਪੀਟੀਆਈ