ਪਟਨਾ, 9 ਅਕਤੂਬਰ
ਚੋਣ ਰਣਨੀਤੀਕਾਰ ਤੋਂ ਸਮਾਜਿਕ ਕਾਰਕੁਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਹੁਣ ਉਮਰ ਦਾ ਅਸਰ ਨਜ਼ਰ ਆਉਣ ਲੱਗ ਪਿਆ ਹੈ। ਕਿਸ਼ੋਰ ਦਾ ਇਹ ਤਿੱਖਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਨਿਤੀਸ਼ ਕੁਮਾਰ ਨੇ ਇਕ ਦਿਨ ਪਹਿਲਾਂ ਇਹ ਆਖਿਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਭਾਜਪਾ ਲਈ ਕੰਮ ਕਰ ਰਹੇ ਹਨ ਅਤੇ ਇਕ ਵਾਰ ਉਸ ਨੇ ਉਨ੍ਹਾਂ ਨੂੰ ਜਨਤਾ ਦਲ (ਯੂ) ਦੇ ਕਾਂਗਰਸ ’ਚ ਰਲੇਵੇਂ ਦੀ ਸਲਾਹ ਵੀ ਦਿੱਤੀ ਸੀ। ਬਿਹਾਰ ਦੀ ਪਦਯਾਤਰਾ ’ਤੇ ਨਿਕਲੇ ਪ੍ਰਸ਼ਾਂਤ ਕਿਸ਼ੋਰ ਨੇ ਵੀਡੀਓ ਬਿਆਨ ਰਾਹੀਂ ਕਿਹਾ,‘‘ਨਿਤੀਸ਼ ਜਦੋਂ ਬੋਲਣਾ ਸ਼ੁਰੂ ਕਰਦੇ ਹਨ ਤਾਂ ਕਹਿਣਾ ਕੁਝ ਚਾਹੁੰਦੇ ਹਨ ਅਤੇ ਬੋਲ ਕੁਝ ਹੋਰ ਹੀ ਦਿੰਦੇ ਹਨ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਭਾਜਪਾ ਲਈ ਕੰਮ ਕਰ ਰਿਹਾ ਹਾਂ ਤਾਂ ਮੈਂ ਉਨ੍ਹਾਂ ਨੂੰ ਅਜਿਹੇ ਸੁਝਾਅ ਕਿਉਂ ਦੇਵਾਂਗਾ, ਜਿਸ ਨਾਲ ਕਾਂਗਰਸ ਮਜ਼ਬੂਤ ਹੋਵੇ।’’ ਉਨ੍ਹਾਂ ਕਿਹਾ ਕਿ ਨਿਤੀਸ਼ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਿਤੀਸ਼ ’ਤੇ ਅੰਗਰੇਜ਼ੀ ਸ਼ਬਦ ਡਿਲਿਊਜ਼ਨਲ (ਵਹਿਮ) ਬਿਲਕੁਲ ਢੁੱਕਦਾ ਹੈ। ਉਹ ਸਿਆਸੀ ਤੌਰ ’ਤੇ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ ਕਿਉਂਕਿ ਉਹ ਅਜਿਹੇ ਲੋਕਾਂ ਨਾਲ ਘਿਰੇ ਹਨ ਜਿਨ੍ਹਾਂ ’ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ। ਉਹ ਡਰੇ ਹੋਏ ਹਨ ਅਤੇ ਘਬਰਾਹਟ ’ਚ ਅਜਿਹੀਆਂ ਗੱਲਾਂ ਕਰਦੇ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਹੈ। -ਪੀਟੀਆਈ