ਨਵੀਂ ਦਿੱਲੀ: ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੂੰ ਲਿਖਿਆ ਪੱਤਰ ਜਨਤਕ ਹੋਇਆ ਹੈ। ਇਸ ਪੱਤਰ ਵਿੱਚ ਚਿਰਾਗ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਰਾਜ ਸਭਾ ਸੀਟ ਦੀ ਚੋਣ ਦੇ ਮਾਮਲੇ ਸਬੰਧੀ ਊਸ ਦੇ ਪਿਤਾ ਦੀ ਬੇਇੱਜ਼ਤੀ ਕਰਨ ਦੇ ਦੋਸ਼ ਲਾਏ ਹਨ। 24 ਸਤੰਬਰ ਨੂੰ ਲਿਖੇ ਇਸ ਪੱਤਰ ਵਿੱਚ ਚਿਰਾਗ ਨੇ ਦੋਸ਼ ਲਾਇਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਊਸ ਦੇ ਪਿਤਾ ਨੂੰ ਨਿਤੀਸ਼ ਕੁਮਾਰ ਦੇ ਘਰ ਜਾਣ ਲਈ ਮਜਬੂਰ ਕੀਤਾ ਗਿਆ, ਜਿੱਥੇ ਊਸ ਦੇ ਪਿਤਾ ਪ੍ਰਤੀ ਊਨ੍ਹਾਂ (ਨਿਤੀਸ਼ ਕੁਮਾਰ) ਦਾ ਵਿਵਹਾਰ ਠੀਕ ਨਹੀਂ ਸੀ। ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਿਤੀਸ਼ ਕੁਮਾਰ ਨੇ ਬਿਹਾਰ ਅਸੈਂਬਲੀ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਰਾਮ ਵਿਲਾਸ ਪਾਸਵਾਨ ਨਾਲ ਜਾਣ ਦੀ ਹਾਮੀ ਨਹੀਂ ਭਰੀ। ਨਿਤੀਸ਼ ਨਾਮਜ਼ਦਗੀਆਂ ਭਰਨ ਦਾ ਸਮਾਂ ਮੁੱਕਣ ਮਗਰੋਂ ਪੁੱਜੇ, ਜਿਸ ਕਾਰਨ ਲੋਕ ਜਨਸ਼ਕਤੀ ਪਾਰਟੀ ਦੇ ਸਮਰਥਕ ਊਨ੍ਹਾਂ ਨਾਲ ਖ਼ਫ਼ਾ ਹਨ। -ਆਈਏਐੱਨਐੱਸ