ਪਟਨਾ, 2 ਅਗਸਤ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਵਾਏ ਜਾਣ ਦਾ ਪੱਖ ਪੂਰਿਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲੀ ਕੰਪਨੀ ਦੇ ਸਾਫਟਵੇਅਰ ਰਾਹੀਂ ਭਾਰਤ ਵਿਚ ਕਈ ਵੱਡੀਆਂ ਹਸਤੀਆਂ ਦੇ ਫੋਨ ਟੈਪ ਕਰਨ ਦੇ ਦੋਸ਼ ਸਰਕਾਰ ਉਤੇ ਲਾਏ ਗਏ ਹਨ। ਇਸ ਮਾਮਲੇ ’ਤੇ ਸੰਸਦ ਵਿਚ ਵੀ ਹੰਗਾਮਾ ਹੋ ਰਿਹਾ ਹੈ। ਨਿਤੀਸ਼ ਦੀ ਪਾਰਟੀ ਜੇਡੀ(ਯੂ) ਭਾਜਪਾ ਨਾਲ ਗੱਠਜੋੜ ਕਰ ਕੇ ਬਿਹਾਰ ਵਿਚ ਸਰਕਾਰ ਚਲਾ ਰਹੀ ਹੈ। ਨਿਤੀਸ਼ ਨੇ ਨਾਲ ਹੀ ਕਿਹਾ ਕਿ ‘ਇਸ ਵਿਵਾਦ ਬਾਰੇ ਉਨ੍ਹਾਂ ਨੂੰ ਜਿੰਨੀ ਜਾਣਕਾਰੀ ਹੈ, ਉਹ ਅਖ਼ਬਾਰਾਂ ਰਾਹੀਂ ਹੀ ਮਿਲੀ ਹੈ।’ ਮੀਡੀਆ ਨਾਲ ਗੱਲ ਕਰਦਿਆਂ ਨਿਤੀਸ਼ ਨੇ ਕਿਹਾ ਕਿ ‘ਇਹ ਤਾਂ ਸਭ ਜਾਣਦੇ ਹਨ ਕਿ ਆਧੁਨਿਕ ਤਕਨੀਕ ਨੂੰ ਕਿਵੇਂ ਗਲਤ ਢੰਗ ਨਾਲ ਵਰਤਿਆ ਜਾ ਸਕਦਾ ਹੈ। ਜੇਕਰ ਲੋਕਾਂ ਦੀ ਫੋਨਾਂ ਉਤੇ ਹੁੰਦੀ ਗੱਲਬਾਤ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਚੰਗਾ ਹੋਵੇਗਾ ਕਿ ਮਾਮਲੇ ਦੀ ਢੁੱਕਵੀਂ ਜਾਂਚ ਹੋਵੇ।’ ਜਦ ਨਿਤੀਸ਼ ਨੂੰ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਸਾਂਝੀ ਸੰਸਦੀ ਜਾਂਚ ਕਮੇਟੀ ਦੀ ਮੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ‘ਸਦਨ ਦੀ ਕਾਰਵਾਈ ਬਾਰੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ। ਪਰ ਜੋ ਵੀ ਇਸ ਮਾਮਲੇ ਵਿਚ ਠੋਸ ਸਬੂਤ ਹੋਣ ਦੀ ਗੱਲ ਕਰ ਰਿਹਾ ਹੈ, ਉਸ ਨੂੰ ਉਹ ਸਰਕਾਰ ਨਾਲ ਸਾਂਝਾ ਕਰਨਾ ਚਾਹੀਦਾ ਹੈ। ਯਕੀਨ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਹੋਵੇਗੀ।’ -ਪੀਟੀਆਈ
‘ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ’
ਜੇਡੀ(ਯੂ) ਆਗੂ ਉਪੇਂਦਰ ਕੁਸ਼ਵਾਹਾ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨੂੰ ‘ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ’ ਦੱਸਣ ਬਾਰੇ ਪੁੱਛੇ ਜਾਣ ਉਤੇ ਨਿਤੀਸ਼ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਇੱਛਾ ਨਹੀਂ ਹੈ। ਜਿੰਨਾ ਹੋ ਸਕੇਗਾ ਉਹ ਬਿਹਾਰ ਦੀ ਸੇਵਾ ਕਰਨਗੇ। ਨਿਤੀਸ਼ ਨੇ ਨਾਲ ਹੀ ਕਿਹਾ ਕਿ ਦਿੱਲੀ ਵਿਚ ਉਨ੍ਹਾਂ ਦੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਹੋਈ ਮੁਲਾਕਾਤ ਦਾ ਕੋਈ ਸਿਆਸੀ ਮਤਲਬ ਨਹੀਂ ਹੈ। ਉਨ੍ਹਾਂ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ, ਦੋਵੇਂ ਕਿਸੇ ਵੇਲੇ ਜਨਤਾ ਦਲ ਦਾ ਹਿੱਸਾ ਰਹੇ ਹਨ।