ਪਟਨਾ, 20 ਅਕਤੂਬਰ
ਸਿਆਸੀ ਰਣਨੀਤੀਘਾੜੇ ਤੋਂ ਸਿਆਸਤ ਵਿੱਚ ਆਏ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਨਿਤੀਸ਼ ਮਹਾਗੱਠਜੋੜ ਛੱਡ ਕੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ’ਚ ਵਾਪਸੀ ਕਰ ਸਕਦੇ ਹਨ।
ਕਿਸ਼ੋਰ ਨੇ ਇਸ ਤੋਂ ਪਹਿਲਾਂ ਨਿਤੀਸ਼ ਬਾਰੇ ਦਾਅਵਾ ਕੀਤਾ ਸੀ, ‘ਜਦੋਂ ਤੁਸੀਂ ਐੱਨਡੀਏ ਛੱਡ ਦਿੱਤਾ ਹੈ ਤਾਂ ਉਸ ਅਹੁਦੇ ਨੂੰ ਕਿਉਂ ਨਹੀਂ ਛੱਡ ਰਹੇ। ਉਸ ਅਹੁਦੇ ਨੂੰ ਛੱਡੋ ਜਾਂ ਉਸ ਸੰਸਦ ਮੈਂਬਰ ਨੂੰ ਹਟਾਓ।’ ਕਿਸ਼ੋਰ ਦਾ ਇਸ਼ਾਰਾ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਹਰਿਵੰਸ਼ ਨਾਰਾਇਣ ਸਿੰਘ ਵੱਲ ਸੀ। ਉਨ੍ਹਾਂ ਕਿਹਾ, ‘ਰਾਜ ਸਭਾ ’ਚ ਬਿੱਲ ਪਾਸ ਕਰਾਉਣ ਲਈ ਆਪਣੀ ਪਾਰਟੀ ਦਾ ਵਿਅਕਤੀ ਲਾਇਆ ਹੋਇਆ ਹੈ ਅਤੇ ਬਿਹਾਰ ’ਚ ਮਹਾਗੱਠਜੋੜ ਬਣਾ ਕੇ ਸੂਬੇ ਦੀ ਜਨਤਾ ਨੂੰ ਮੁੜ ਠੱਗਣ ਦੀ ਕੋਸ਼ਿਸ਼ ਕਰ ਰਹੇ ਹੋ।’ ਕਿਸ਼ੋਰ ਨੇ ਪੱਛਮੀ ਬੰਗਾਲ ਦੇ ਪੱਛਮੀ ਚੰਪਾਰਨ ਜ਼ਿਲ੍ਹੇ ’ਚ ਇੱਕ ਰੈਲੀ ਦੌਰਾਨ ਇਹ ਦੋਸ਼ ਲਾਇਆ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਪੈਦਲ ਯਾਤਰਾ ਤੋਂ ਬਾਅਦ ਕਿਸ਼ੋਰ ਸਿਆਸੀ ਪਾਰਟੀ ਬਣਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੇ ਹਰਿਵੰਸ਼ ਰਾਹੀਂ ਭਾਜਪਾ ਨਾਲ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਿਆ ਹੈ। ਉਨ੍ਹਾਂ ਕਿਹਾ, ‘ਭਾਜਪਾ ਨਾਲ ਰਿਸ਼ਤਾ ਤੋੜਨ ਤੋਂ ਬਾਅਦ ਨਿਤੀਸ਼ ਕੁਮਾਰ ਨੂੰ ਹਰਿਵੰਸ਼ ਨੂੰ ਅਹੁਦਾ ਛੱਡਣ ਲਈ ਕਹਿਣਾ ਚਾਹੀਦਾ ਹੈ। ਜੇਕਰ ਉਹ ਇਸ ਅਹੁਦੇ ’ਤੇ ਬਣੇ ਰਹਿੰਦੇ ਹਨ ਤਾਂ ਉਨਾਂ ਨੂੰ ਜਨਤਾ ਦਲ (ਯੂ) ਤੋਂ ਕੱਢਿਆ ਜਾ ਸਕਦਾ ਸੀ। ਪਰ ਨਿਤੀਸ਼ ਨੇ ਭਵਿੱਖ ਨੂੰ ਧਿਆਨ ’ਚ ਰੱਖ ਕੇ ਰਾਹ ਖੁੱਲ੍ਹਾ ਰੱਖਿਆ ਹੈ।’ ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਦੇ ਨਾਂ ’ਤੇ ਵੋਟਾਂ ਮੰਗੀਆਂ ਸਨ ਪਰ ਦੋ ਸਾਲ ਬਾਅਦ ਜਨਤਾ ਨੂੰ ਧੋਖਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅੱਜ ਫਿਰ ਭਾਜਪਾ ਨਾਲ ਲੜਾਈ ਦਾ ਨਾਟਕ ਕਰ ਰਹੇ ਹਨ ਤੇ ਉਹ ਫਿਰ ਪਲਟ ਸਕਦੇ ਹਨ। -ਪੀਟੀਆਈ