ਪਟਨਾ, 3 ਸਤੰਬਰ
ਬਿਹਾਰ ਵਿੱਚ ਵਿਰੋਧੀ ਧਿਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਨੂੰ ਘੇਰਨ ਦਾ ਇਕ ਹੋਰ ਮੁੱਦਾ ਮਿਲ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿੱਚ ਜੇਡੀਯੂ ਵਿਧਾਇਕ ਨਵੀਂ ਦਿੱਲੀ ਜਾ ਰਹੀ ਰੇਲਗੱਡੀ ਵਿੱਚ ਕੱਛੇ-ਬੁਨੈਣ ਵਿੱਚ ਸਫ਼ਰ ਕਰਦਾ ਵਿਖਾਈ ਦੇ ਰਿਹਾ ਹੈ। ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ ਨੇ ਅਜਿਹੀਆਂ ਘਟਨਾਵਾਂ ਨੂੰ ਬਿਹਾਰ ਦਾ ਅਕਸ ਖਰਾਬ ਕਰਨ ਵਾਲੀਆਂ ਦੱਸਿਆ ਹੈ। ਭਾਗਲਪੁਰ ਜ਼ਿਲ੍ਹੇ ਵਿੱਚ ਗੋਪਾਲਪੁਰ ਹਲਕੇ ਦੀ ਨੁਮਾਇੰਦਗੀ ਕਰਦੇ ਗੋਪਾਲ ਮੰਡਲ ਵੀਰਵਾਰ ਸ਼ਾਮ ਨੂੰ ਤੇਜਸ ਐਕਸਪ੍ਰੈੱਸ ’ਤੇ ਸਵਾਰ ਹੋਏ ਸਨ। ਕੁਝ ਖ਼ਬਰ ਚੈਨਲਾਂ ਤੇ ਪੋਰਟਲਾਂ ’ਤੇ ਨਸ਼ਰ ਹੋਈ ਇਸ ਵੀਡੀਓ ਵਿੱਚ ਮੰਡਲ, ਜੋ ਕੱਛੇ ਤੇ ਬੁਨੈਣ ਵਿੱਚ ਹਨ, ਗੱਡੀ ਵਿੱਚ ਸਵਾਰ ਮੁਸਾਫ਼ਰਾਂ ਨਾਲ ਤਕਰਾਰ ਕਰਦੇ ਨਜ਼ਰ ਆ ਰਹੇ ਹਨ। ਮੁਸਾਫ਼ਰਾਂ ਨੇ ਵਿਧਾਇਕ ਦੇ ਇਸ ਪਹਿਰਾਵੇ ’ਚ ‘ਘੁੰਮਣ’ ’ਤੇ ਉਜਰ ਜਤਾਇਆ ਸੀ। ਮੰਡਲ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮਸਲਾ ਸੁਲਝਾ ਲਿਆ ਗਿਆ ਹੈ। ਮਾਮੂਲੀ ਤਕਰਾਰ ਹੋਈ ਤਾਂ ਆਰਪੀਐੱਫ ਨੂੰ ਸੱਦਿਆ ਗਿਆ। ਸਬੰਧਤ ਸਹਿ-ਮੁਸਾਫ਼ਰਾਂ ਤੇ ਮੇਰੇ ਬਿਆਨ ਦਰਜ ਕੀਤੇ ਗਏ ਹਨ।’’ ਮੰਡਲ ਨੇ ਕਿਹਾ ਕਿ ਸਹਿ-ਮੁਸਾਫ਼ਰ ਬੇਵਜ੍ਹਾ ਗੱਲ ਨੂੰ ਵਧਾ ਰਹੇ ਹਨ। ਜੇਡੀਯੂ ਵਿਧਾਇਕ ਨੇ ਦਾਅਵਾ ਕੀਤਾ, ‘‘ਮੈਨੂੰ ਪੇਚਸ਼ ਦੀ ਤਕਲੀਫ਼ ਸੀ। ਜਿਵੇਂ ਹੀ ਗੱਡੀ ਤੁਰੀ ਤਾਂ ਮੇਰੇ ਪੇਟ ’ਚ ਮਰੋੜ ਉੱਠਿਆ ਤੇ ਮੈਂ ਆਪਣਾ ਕੁੜਤਾ ਪਜਾਮਾ ਲਾਹ ਕੇ ਪਖਾਨੇ ਵੱਲ ਨੂੰ ਤੁਰ ਪਿਆ।’ ਵਿਧਾਇਕ ਨੇ ਦਾਅਵਾ ਕੀਤਾ ਕਿ ਉਸ ਨਾਲ ਤਕਰਾਰ ਕਰਨ ਵਾਲੇ ਸਹਿ-ਮੁਸਾਫ਼ਰ ਨੇ ਸ਼ਰਾਬ ਪੀਤੀ ਹੋਈ ਸੀ। ਹਾਲਾਂਕਿ ਰੇਲਵੇ ਤੇ ਪੁਲੀਸ ਸੂਤਰਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਬਿਹਾਰ ਵਿੱਚ ਸ਼ਰਾਬ ਵੇਚਣ ਤੇ ਪੀਣ ’ਤੇ ਮੁਕੰਮਲ ਪਾਬੰਦੀ ਹੈ। ਮੰਡਲ, ਜੋ ਹੁਣ ਦਿੱਲੀ ਵਿੱਚ ਹਨ, ਨੇ ਕਿਹਾ, ‘‘ਸਹਿ-ਮੁਸਾਫ਼ਰ ਨੂੰ ਜਦੋਂ ਪਤਾ ਲੱਗਾ ਕਿ ਮੈਂ ਵਿਧਾਇਕ ਹਾਂ, ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਮੈਂ ਉਸ ਨੂੰ ਆਖਿਆ ਕਿ ਮੈਂ ਗੋਡਿਆਂ ਤੱਕ ਸ਼ਾਰਟ ਪਾਏ ਹੋਏ ਸੀ।’’
ਉਧਰ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਨਹੀਂ, ਪਰ ਅਜਿਹੇ ਵਾਕਿਆ ਕਾਰਨ ਬਿਹਾਰ ਦਾ ਅਕਸ ਖ਼ਰਾਬ ਹੁੰਦਾ ਹੈ। -ਪੀਟੀਆਈ