ਪਟਨਾ, 10 ਅਗਸਤ
ਜੇਡੀਯੂ ਆਗੂ ਨਿਤੀਸ਼ ਕੁਮਾਰ ਨੇ ਅੱਜ ਇਥੇ ਰਾਜ ਭਵਨ ਵਿੱਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਕੁਮਾਰ ਨਾਲ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਤੇਜਸਵੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਚਰਚੇ ਹਨ। ਰਾਜਪਾਲ ਫਾਗੂ ਚੌਹਾਨ ਨੇ ਦੋਵਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਮਹਾਗਠਬੰਧਨ ਵਿਚਲੇ ਅਹਿਮ ਭਾਈਵਾਲ- ਜੇਡੀਯੂ, ਆਰਜੇਡੀ ਤੇ ਕਾਂਗਰਸ ਆਪਸ ਵਿੱਚ ਸਲਾਹ ਮਸ਼ਵਰੇ ਮਗਰੋਂ ਜਲਦੀ ਹੀ ਮੰਤਰੀ ਮੰਡਲ ਦਾ ਐਲਾਨ ਕਰਨਗੇ। ਨਿਤੀਸ਼ ਨੇ ਲੰਘੇ ਦਿਨ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨਾਲੋਂ ਤੋੜ-ਵਿਛੋੜਾ ਕਰਦੇ ਹੋਏ ਆਰਜੇਡੀ ਨਾਲ ਹੱਥ ਮਿਲਾ ਲਿਆ ਸੀ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਨਿਤੀਸ਼ ਕੁਮਾਰ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਣਗੇ ਜਦੋਂਕਿ ਆਰਜੇਡੀ ਨੂੰ ਉਹ ਸਾਰੇ ਵਿਭਾਗ ਮਿਲ ਸਕਦੇ ਹਨ, ਜੋ ਪਹਿਲਾਂ ਭਾਜਪਾ ਕੋਲ ਸਨ। ਸੂਤਰ ਨੇ ਕਿਹਾ ਕਿ ਨਵੀਂ ਕੈਬਨਿਟ ਦੇ ਗਠਨ ਨੂੰ ਲੈ ਕੇ ਭਾਈਵਾਲਾਂ ਵਿੱਚ ਸਮਝੌਤਾ ਸਿਰੇ ਚੜ੍ਹ ਗਿਆ ਹੈ। ਕੈਬਨਿਟ ਵਿੱਚ 35 ਜਾਂ ਇਸ ਤੋਂ ਵੱਧ ਮੈਂਬਰ ਹੋਣਗੇ, ਜੋ ਜੇਡੀਯੂ, ਆਰਜੇਡੀ ਤੇ ਕਾਂਗਰਸ ਤੋਂ ਲਏ ਜਾਣਗੇ। ਇਸ ਦੌਰਾਨ ਮਹਾਗੱਠਬੰਧਨ ਸਰਕਾਰ ਦੇ ਗਠਨ ਨੂੰ ਲੈ ਕੇ ਰਾਜ ਭਵਨ ਅਤੇ ਕੁਮਾਰ ਤੇ ਯਾਦਵ ਦੀਆਂ ਰਿਹਾਇਸ਼ਾਂ ਦੇ ਬਾਹਰ ਸੈਂਕੜੇ ਜੇਡੀਯੂ ਤੇ ਆਰਜੇਡੀ ਵਰਕਰ ਮੌਜੂਦ ਰਹੇ। ਵਰਕਰਾਂ ਨੇ ਪਟਾਖ਼ੇ ਚਲਾਏ ਤੇ ਮਠਿਆਈਆਂ ਵੰਡੀਆਂ।
ਹਲਫ਼ਦਾਰੀ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤੀਸ਼ ਕੁਮਾਰ ਨੇ ਭਾਜਪਾ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਨਵੀਂ ਸਰਕਾਰ ਆਪਣਾ ਕਾਰਜਕਾਲ ਵੀ ਪੂਰਾ ਨਹੀਂ ਕਰੇਗੀ। ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਭਾਈਵਾਲ ‘ਠੀਕ ਉਸੇ ਥਾਂ ’ਤੇ ਪਹੁੰਚ ਗਏ ਹਨ, ਜਿੱਥੇ ਉਹ 2015 ਦੀਆਂ ਅਸੈਂਬਲੀ ਚੋਣਾਂ ਮਗਰੋਂ ਖੜ੍ਹੇ ਸਨ।’’ ਕੁਮਾਰ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਉਹ ਬਿਹਾਰ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰੇਗੀ। ਪ੍ਰਧਾਨ ਮੰਤਰੀ ਬਣਨ ਦੀ ਖਾਹਿਸ਼ ਬਾਰੇ ਭਾਜਪਾ ਦੇ ਦਾਅਵਿਆਂ ਬਾਰੇ ਪੁੱਛਣ ’ਤੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਅਜਿਹੀ ਕੋਈ ‘ਦਾਅਵੇਦਾਰੀ’ ਪੇਸ਼ ਨਹੀਂ ਕੀਤੀ, ਪਰ ਉਨ੍ਹਾਂ ਇੰਨੀ ਗੱਲ ਜ਼ਰੂਰ ਕਹੀ ਕਿ ‘ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ 2014 ਬੀਤੇ ਦੀ ਗੱਲ ਹੈ। ਉਨ੍ਹਾਂ ਨੂੰ ਹੁਣ 2024 ਦੀ ਫ਼ਿਕਰ ਕਰਨੀ ਚਾਹੀਦੀ ਹੈ।’ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਨੂੰ ਚਾਹੀਦਾ ਸੀ ਕਿ ਉਹ 2020 ਦੀਆਂ ਅਸੈਂਬਲੀ ਚੋਣਾਂ ਮਗਰੋਂ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣ ਦੀ ਥਾਂ ਆਪਣੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਮੋਦੀ ਨੂੰ ਮੁੱਖ ਮੰਤਰੀ ਦੇ ਸਿਖਰਲੇ ਅਹੁਦੇ ਉੱਤੇ ਬਿਠਾਉਂਦੀ। ਕੁਮਾਰ ਨੇ ਕਿਹਾ, ‘‘ਉਹ ਮੇਰੇ ਚਹੇਤੇ ਦੋਸਤ ਸਨ। ਉਨ੍ਹਾਂ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ? ਜੇਕਰ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ।’’ਉਂਜ ਅੱਜ ਦੇ ਹਲਫ਼ਦਾਰੀ ਸਮਾਗਮ ਦੌਰਾਨ ਭਾਜਪਾ ਆਗੂ ਗੈਰਹਾਜ਼ਰ ਰਹੇ। -ਪੀਟੀਆਈ
ਭਾਜਪਾ ਨਾਲ ਸਹਿਜ ਨਹੀਂ ਸਨ ਨਿਤੀਸ਼: ਪ੍ਰਸ਼ਾਂਤ ਕਿਸ਼ੋਰ
ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨਾਲ ਕੀਤੇ ਗੱਠਜੋੜ ਵਿੱਚ ਅਸਹਿਜ ਮਹਿਸੂਸ ਕਰ ਰਹੇ ਸਨ, ਜਿਸ ਕਰਕੇ ਉਨ੍ਹਾਂ ਇਕ ਸਿਆਸੀ ਗੱਠਜੋੜ ਛੱਡ ਕੇ ਦੂਜੇ ਨੂੰ ਤਰਜੀਹ ਦਿੱਤੀ। ਕਿਸ਼ੋਰ ਨੇ ਕਿਹਾ ਕਿ ਬਿਹਾਰ ਦੇ ਇਸ ਮੌਜੂਦਾ ਸਿਆਸੀ ਘਟਨਾਕ੍ਰਮ ਦਾ ਅਸਰ ਹਾਲ ਦੀ ਘੜੀ ਸੂਬੇ ਤੱਕ ਹੀ ਸੀਮਤ ਰਹੇਗਾ। ਕਿਸ਼ੋਰ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜਿੱਥੋਂ ਤੱਕ ਸਰਕਾਰ ਦੇ ਗਠਨ ਦਾ ਸਵਾਲ ਹੈ ਤਾਂ ਇਹ ਸਾਲ 2012-13 ਤੋਂ ਛੇਵਾਂ ਤਜਰਬਾ ਹੈ। ਇਨ੍ਹਾਂ ਸਾਰੇ ਤਜਰਬਿਆਂ ਦੌਰਾਨ ਬਿਹਾਰ ਦੇ ਹਾਲਾਤ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਮੈਂ ਆਸ ਕਰਦਾ ਹਾਂ ਕਿ ਨਵੀਂ ਸਰਕਾਰ ਕੁਝ ਚੰਗਾ ਕਰੇਗੀ।’’ -ਪੀਟੀਆਈ
ਕਾਰਜਕਾਲ ਪੂਰਾ ਨਹੀਂ ਕਰੇਗੀ ਨਵੀਂ ਸਰਕਾਰ: ਸੁਸ਼ੀਲ ਮੋਦੀ
ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਨੇ ਕਿਹਾ ਕਿ ਮਹਾਗੱਠਬੰਧਨ ਦੀ ਨਵੀਂ ਸਰਕਾਰ 2025 ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਡਿੱਗ ਜਾਵੇਗੀ। ਉਨ੍ਹਾਂ ਕਿਹਾ ਕਿ ਜੇਡੀਯੂ ਸੁਪਰੀਮੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਿਹਾਰ ਦੇ ਲੋਕਾਂ ਦਾ ਨਿਰਾਦਰ ਕੀਤਾ ਹੈ, ਜਿਨ੍ਹਾਂ ਐੱਨਡੀਏ ਲਈ ਵੋਟਾਂ ਪਾਈਆਂ ਸਨ। ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰੰਤਰੀ ਨੇ ਕਿਹਾ ਕਿ ਕੁਮਾਰ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਦੀ ਬਿਮਾਰੀ ਦਾ ਲਾਹਾ ਲੈਂਦਿਆਂ ਆਰਜੇਡੀ ਨੂੰ ਦੋਫਾੜ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ। ਉਨ੍ਹਾਂ ਆਰ.ਸੀ.ਪੀ.ਸਿੰਘ ਜ਼ਰੀਏ ‘ਸਾਜ਼ਿਸ਼’ ਘੜਨ ਦੇ ਜੇਡੀਯੂ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਨੂੰ ਨਿਤੀਸ਼ ਕੁਮਾਰ ਦੀ ਸਹਿਮਤੀ ਨਾਲ ਹੀ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਸਾਨੂੰ ਹਲਫ਼ਦਾਰੀ ਸਮਾਗਮ ਲਈ ਕੋਈ ਸੱਦਾ ਨਹੀਂ ਮਿਲਿਆ। ਉਂਜ ਵੀ ਅਸੀਂ ਅਜਿਹੀ ਸਰਕਾਰ, ਜੋ ਬਿਹਾਰ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਕੇ ਬਣਾਈ ਗਈ ਹੈ, ਦੇ ਗਠਨ ਦਾ ਗਵਾਹ ਬਣਨਾ ਪਸੰਦ ਨਹੀਂ ਕਰਦੇ।’’ ਸੁਸ਼ੀਲ ਮੋਦੀ ਨੇ ਕਿਹਾ ਕਿ ਨਿਤੀਸ਼ ਕੁਮਾਰ ‘ਉਪ ਰਾਸ਼ਟਰਪਤੀ ਬਣਨਾ ਚਾਹੁੰਦੇ ਸਨ ਤੇ ਉਨ੍ਹਾਂ ਭਾਜਪਾ ਦਾ ਸਾਥ ਛੱਡਿਆ ਕਿਉਂਕਿ ਪਾਰਟੀ ਉਨ੍ਹਾਂ ਦੀ ਇਸ ਖ਼ਾਹਿਸ਼ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ।
ਬਿਹਾਰ ਦੇ ਸਿਆਸੀ ਹਾਲਾਤ ਭਾਜਪਾ ਨੂੰ 2024 ’ਚ ਪ੍ਰਭਾਵਿਤ ਕਰਨਗੇ: ਯੋਗੇਂਦਰ ਯਾਦਵ
ਇੰਦੌਰ: ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਅੱਜ ਕਿਹਾ ਕਿ ਬਿਹਾਰ ਦੀ ਸਿਆਸਤ ਵਿੱਚ ਹੋਈ ਤਬਦੀਲੀ ਦਾ ਅਸਰ 2024 ਦੀਆਂ ਲੋਕ ਸਭਾ ਚੋਣਾਂ ’ਚ ਦਿਖਾਈ ਦੇਵੇਗਾ ਅਤੇ ਇਸ ਦਾ ਖਾਸ ਤੌਰ ’ਤੇ ਅਸਰ ਭਾਰਤੀ ਜਨਤਾ ਪਾਰਟੀ ’ਤੇ ਪਵੇਗਾ। ਉਨ੍ਹਾਂ ਇਹ ਵੀ ਕਿ ਭਾਜਪਾ ਦੀਆਂ ਕਈ ਭਾਈਵਾਲ ਪਾਰਟੀਆਂ ਐੱਨਡੀਏ ਛੱਡ ਰਹੀਆਂ ਹਨ। ਉਨ੍ਹਾਂ ਕਿਹਾ, ‘ਬਿਹਾਰ ਵਿੱਚ ਹੋਈ ਤਬਦੀਲੀ ਨਾਲ 2024 ਦੀਆਂ ਲੋਕ ਸਭਾ ਦਾ ਸਿਆਸੀ ਦ੍ਰਿਸ਼ ਬਦਲ ਜਾਵੇਗਾ ਤੇ ਖਾਸ ਤੌਰ ’ਤੇ ਭਾਜਪਾ ਲਈ। ਹੁਣ ਅਸੀਂ ਰਸਮੀ ਤੌਰ ’ਤੇ ਕੌਮੀ ਜਮਹੂਰੀ ਗੱਠਜੋੜ ਦੀ ਮੌਤ ਦਾ ਐਲਾਨ ਕਰ ਸਕਦੇ ਹਾਂ ਕਿਉਂਕਿ ਭਾਜਪਾ ਦੀਆਂ ਕਈ ਭਾਈਵਾਲ ਪਾਰਟੀਆਂ ਇਸ ਨੂੰ ਇੱਕ-ਇੱਕ ਕਰਕੇ ਛੱਡ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ਜਿੱਤ ਜਾਵੇਗੀ ਪਰ ਬਿਹਾਰ ’ਚ ਹੋਈ ਸਿਆਸੀ ਤਬਦੀਲੀ ਨੇ ਇਸ ਚਰਚਾ ਨੂੰ ਖਤਮ ਕਰ ਦਿੱਤਾ ਹੈ। -ਪੀਟੀਆਈ
ਜੇਡੀਯੂ ਈਡੀ ਜਾਂ ਸੀਬੀਆਈ ਤੋਂ ਡਰਨ ਵਾਲੀ ਨਹੀਂ: ਲੱਲਣ ਸਿੰਘ
ਭਾਜਪਾ ਨਾਲੋਂ ਤੋੜ-ਵਿਛੋੜੇ ਮਗਰੋਂ ਜੇਡੀਯੂ ਨੇ ਅੱਜ ਕਿਹਾ ਕਿ ਉਹ ਈਡੀ ਤੇ ਸੀਬੀਆਈ ਤੋਂ ਡਰਨ ਵਾਲੀ ਨਹੀਂ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲੱਲਣ ਸਿੰਘ ਨੇ ਕਿਹਾ, ‘‘ਉਨ੍ਹਾਂ ਨੂੰ ਸਾਡੇ ਪਿੱਛੇ ਏਜੰਸੀਆਂ ਲਾ ਲੈਣ ਦਿਓ। ਅਸੀਂ ਸੀਬੀਆਈ ਤੇ ਈਡੀ ਤੋਂ ਨਹੀਂ ਡਰਦੇ। ਜਿਹੜੇ ਲੋਕ ਕੰਪਨੀਆਂ ਚਲਾਉਂਦੇ ਹਨ, ਉਨ੍ਹਾਂ ਨੂੰ ਡਰਨ ਦੀ ਲੋੜ ਹੈ। ਅਸੀਂ ਤਾਂ ਐੱਮਪੀ ਜਾਂ ਐੱਮਐੱਲਏ ਵਜੋਂ ਮਿਲਦੀਆਂ ਤਨਖਾਹਾਂ ਨਾਲ ਗੁਜ਼ਾਰਾ ਕਰਦੇ ਹਾਂ, ਇਸ ਤੋਂ ਇਲਾਵਾ ਨਿੱਜੀ ਆਮਦਨ ਲਈ ਸਾਡੇ ਹੋਰ ਕਾਨੂੰਨੀ ਸਰੋਤ ਹਨ।’’ ਉਨ੍ਹਾਂ ਭਾਜਪਾ ਵੱਲੋਂ ‘ਵਿਸ਼ਵਾਸਘਾਤ’ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਬਕਾ ਭਾਈਵਾਲ ਨੇ ਅਰੁਣਾਚਲ ਪ੍ਰਦੇਸ਼ ਵਿੱਚ ਸਾਡੇ ਵਿਧਾਇਕਾਂ, ਜੋ ਪਹਿਲਾਂ ਹੀ ਭਾਜਪਾ ਸਰਕਾਰ ਦੀ ਹਮਾਇਤ ਕਰ ਰਹੇ ਸਨ, ਨੂੰ ਤੋੜਨ ਦੀ ਕੋਸ਼ਿਸ਼ ਕਰਕੇ ਗੱਠਜੋੜ ਧਰਮ ਉਲੰਘਿਆ ਸੀ। -ਪੀਟੀਆਈ
ਲਾਲੂ ਜੀ ‘ਸੱਪ’ ਹੁਣ ਤੁਹਾਡੇ ਘਰ ਵੜ ਗਿਐ: ਗਿਰੀਰਾਜ ਸਿੰਘ
ਨਵੀਂ ਦਿੱਲੀ/ਪਟਨਾ: ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਵੱਲੋਂ ਬੀਤੇ ਵਿੱਚ ਕੀਤੀ ਟਿੱਪਣੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਹੁਣ ‘ਸੱਪ’ ਯਾਦਵ ਦੇ ਵਿੱਚ ਵੜ ਗਿਆ ਹੈ। ਨਿਤੀਸ਼ ਕੁਮਾਰ ਵੱਲੋਂ ਸਾਲ 2017 ਵਿੱਚ ਆਰਜੇਡੀ ਨਾਲੋਂ ਤੋੜ-ਵਿਛੋੜਾ ਕਰਕੇ ਭਾਜਪਾ ਨਾਲ ਹੱਥ ਮਿਲਾਉਣ ਮੌਕੇ ਯਾਦਵ ਨੇ ਟਵੀਟ ਕਰਕੇ ਕੁਮਾਰ ਨੂੰ ‘ਸੱਪ’ ਦੱਸਿਆ ਸੀ, ਜੋ ਹਰ ਦੋ ਸਾਲ ਬਾਅਦ ਆਪਣੀ ਕੁੰਜ ਬਦਲਦਾ ਹੈ। ਗਿਰੀਰਾਜ ਨੇ ਯਾਦਵ ਦਾ ਪੁਰਾਣਾ ਟਵੀਟ ਸਾਂਝਿਆਂ ਕਰਦਿਆਂ ਕਿਹਾ, ‘‘ਸੱਪ ਹੁਣ ਤੁਹਾਡੇ ਘਰ ਵਿੱਚ ਦਾਖ਼ਲ ਹੋ ਗਿਆ ਹੈ।’’ ਉੱਧਰ ਪਟਨਾ ਵਿੱਚ ਬੀਰਚੰਦ ਪਟੇਲ ਮਾਰਗ ਉੱਤੇ ਭਾਜਪਾ ਦਫਤਰ ਦੇ ਅੱਗੇ ਧਰਨਾ ਦਿੱਤਾ ਗਿਆ, ਜਿਸ ਵਿੱਚ ਬਿਹਾਰ ਨਾਲ ਸਬੰਧਤ ਸਾਰੇ ਸੰਸਦ ਮੈਂਬਰ ਤੇ ਵਿਧਾਇਕ ਸ਼ਾਮਲ ਹੋਏ। -ਪੀਟੀਆਈ