ਨਵੀਂ ਦਿੱਲੀ, 10 ਸਤੰਬਰ
ਨੀਤੀ ਆਯੋਗ ਦੇ ‘ਅਟਲ ਇਨੋਵੇਸ਼ਨ ਮਿਸ਼ਨ’ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੇ ਸਹਿਯੋਗ ਨਾਲ ਦੇਸ਼ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਲਈ ‘ਪੁਲਾੜ ਚੁਣੌਤੀ’ (ਸਪੇਸ ਚੈਲੇਂਜ) ਪੇਸ਼ ਕੀਤੀ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ, ‘ਇਹ ਚੁਣੌਤੀ ਦੇਸ਼ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ, ਸਰਪ੍ਰਸਤ ਅਤੇ ਅਧਿਆਪਕਾਂ ਲਈ ਤਿਆਰ ਕੀਤੀ ਗਈ ਹੈ। ਇਸ ਵਿੱਚ ਅਟਲ ਟਿੰਕਰਿੰਗ ਲੈਬਾਂ (ਏਟੀਐੱਲ) ਦੇ ਨਾਲ ਨਾਲ ਗੈੱਰ-ਏਟੀਐੱਲ ਸਕੂਲ ਵੀ ਜੁੜੇ ਹਨ। ਬਿਆਨ ਮੁਤਾਬਕ ਇਸ ਵਿੱਚ ਇਹ ਯਕੀਨੀ ਬਣਾਇਆ ਜਾਣਾ ਹੈ ਕਿ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਖੁੱਲ੍ਹਾ ਪਲੈਟਫਾਰਮ ਮੁਹੱਈਆ ਕਰਵਾਇਆ ਜਾਵੇ ਜਿੱਥੇ ਉਹ ਡਿਜੀਟਲ ਜੁੱਗ ਦੀਆਂ ਪੁਲਾੜ ਤਕਨੀਕਾਂ ਸਬੰਧੀ ਸਮੱਸਿਆਵਾਂ ਦੇ ਹੱਲ ਲੱਭਣ ਲਈ ਸਮਰੱਥ ਬਣ ਸਕਣ। ਇਸ ਚੁਣੌਤੀ ਨੂੰ ਆਲਮੀ ਪੁਲਾੜ ਹਫ਼ਤੇ ਨਾਲ ਜੋੜਿਆ ਗਿਆ ਹੈ, ਜੋ ਹਰ ਸਾਲ 4 ਤੋਂ 10 ਅਕਤੂਬਰ ਤੱਕ ਮਨਾਇਆ ਜਾਂਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਚਿੰਤਨ ਵੈਸ਼ਨਵ ਨੇ ਕਿਹਾ ਕਿ ਇਸ ਚੁਣੌਤੀ ਦਾ ਮਕਸਦ ਪੁਲਾੜ ਖੇਤਰ ਦੇ ਨਿਰਮਾਣ ਲਈ ਨੌਜਵਾਨ ਸਕੂਲੀ ਵਿਦਿਆਰਥੀਆਂ ਨੂੰ ਨਵੀਨੀਕਰਨ ’ਚ ਸਮਰੱਥ ਬਣਾਉਣਾ ਹੈ। -ਪੀਟੀਆਈ