ਬਦਾਯੂੰ (ਯੂਪੀ), 6 ਜਨਵਰੀ
ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਪੁਜਾਰੀ ਅਤੇ ਦੋ ਹੋਰਾਂ ਨੇ 50 ਸਾਲਾ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਜਾਰੀ ਤੇ ਉਸ ਦੇ ਸਾਥੀਆਂ ਨੇ ਇਹ ਕਰਤੂਤ ਉਦੋਂ ਕੀਤੀ ਜਦੋਂ ਔਰਤ ਐਤਵਾਰ ਨੂੰ ਮੰਦਰ ਵਿੱਚ ਆਈ। ਪੁਲੀਸ ਮੁਤਾਬਕ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਦੋ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਹਨ। ਐੱਸਐੱਸਪੀ ਸੰਕਲਪ ਸ਼ਰਮਾ ਨੇ ਕਿਹਾ, “ਪੋਸਟਮਾਰਟਮ ਦੀ ਰਿਪੋਰਟ ਬਲਾਤਕਾਰ ਦੀ ਪੁਸ਼ਟੀ ਕਰਦੀ ਹੈ, ਅਤੇ ਪੀੜਤ ਦੇ ਗੁਪਤ ਅੰਗਾਂ ਵਿੱਚ ਗੰਭੀਰ ਸੱਟਾਂ ਤੇ ਲੱਤ ਤੋੜਨ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਉਘੈਤੀ ਥਾਣੇ ਦੇ ਮੁਖੀ ਵੱਲੋਂ ਮਾਮਲੇ ਵਿੱਚ ਢਿੱਲੜ ਰਵੱਈਆ ਅਪਣਾਉਣ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ 50 ਸਾਲਾ ਔਰਤ ਇੱਕ ਮੰਦਰ ਗਈ ਸੀ ਪਰ ਭੇਤਭਰੀ ਹਾਲਤ ਵਿੱਚ ਮਾਰੀ ਗਈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਮੰਦਰ ਦੇ ਮਹੰਤ ਅਤੇ ਉਸ ਦੇ ਸਾਥੀਆਂ ਉੱਤੇ ਬਲਾਤਕਾਰ ਅਤੇ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਮਹੰਤ ਅਜੇ ਵੀ ਫਰਾਰ ਹੈ।