* ਨਿਪਾਹ ਵਾਇਰਸ ਦੇ ਟੈਸਟ ਲਈ ਲੈਬ ਸਥਾਪਿਤ* ਕਰਨਾਟਕ ਵਿਚ ਵੀ ਚਿਤਾਵਨੀ ਜਾਰੀ
ਤਿਰੂਵਨੰਤਪੁਰਮ/ਮੰਗਲੂਰੂ, 13 ਸਤੰਬਰ
ਕੇਰਲਾ ਵਿਚ ਨਿਪਾਹ ਵਾਇਰਸ ਦੀ ਪੁਸ਼ਟੀ ਹੋਣ ਮਗਰੋਂ ਵਾਇਰੋਲੌਜੀ ਇੰਸਟੀਚਿਊਟ ਪੁਣੇ ਦੀਆਂ ਟੀਮਾਂ ਨੇ ਕੋਜ਼ੀਕੋਡ ਮੈਡੀਕਲ ਕਾਲਜ ਵਿਚ ਮੋਬਾਈਲ ਲੈਬ ਸਥਾਪਿਤ ਕਰ ਦਿੱਤੀ ਹੈ। ਇੱਥੇ ਨਿਪਾਹ ਦੇ ਟੈਸਟ ਕੀਤੇ ਜਾਣਗੇ ਤੇ ਚਮਗਾਦੜਾਂ ਦਾ ਵੀ ਸਰਵੇਖਣ ਹੋਵੇਗਾ। ਕੇਰਲਾ ਦੇ ਕੋਜ਼ੀਕੋਡ ਜ਼ਿਲ੍ਹੇ ਵਿਚ ਚਾਰ ਵਿਅਕਤੀਆਂ ਨੂੰ ਨਿਪਾਹ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਰਾਜ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਕੇਰਲਾ ਵਿਚ ਮਿਲਿਆ ਵਾਇਰਸ ਸਟਰੇਨ ਬੰਗਲਾਦੇਸ਼ ’ਚ ਮਿਲੇ ਸਰੂਪ ਨਾਲ ਮੇਲ ਖਾਂਦਾ ਹੈ। ਇਹ ਮਨੁੱਖ ਤੋਂ ਮਨੁੱਖ ਤੱਕ ਫੈਲਦਾ ਹੈ ਤੇ ਇਸ ਨਾਲ ਹੁੰਦੀਆਂ ਮੌਤਾਂ ਦੀ ਦਰ ਕਾਫ਼ੀ ਜ਼ਿਆਦਾ ਹੈ, ਹਾਲਾਂਕਿ ਇਹ ਘੱਟ ਤੇਜ਼ੀ ਨਾਲ ਫੈਲਦਾ ਹੈ। ਮੰਤਰੀ ਨੇ ਕਿਹਾ ਕਿ ਪੁਣੇ ਤੋਂ ਇਲਾਵਾ ਚੇਨਈ ਤੋਂ ਵੀ ਮਾਹਿਰਾਂ ਦੀ ਇਕ ਟੀਮ ਸਰਵੇਖਣ ਲਈ ਕੇਰਲਾ ਪਹੁੰਚ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਮੈਡੀਕਲ ਖੋਜ ਕੌਂਸਲ ਉਨ੍ਹਾਂ ‘ਐਂਟੀਬਾਡੀਜ਼’ ਨੂੰ ਕੇਰਲਾ ਭੇਜ ਰਿਹਾ ਹੈ ਜੋ ਨਿਪਾਹ ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਹਨ। ਕੇਰਲਾ ਸਰਕਾਰ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਦਮ ਚੁੱਕੇ ਹਨ। ਇਸ ਨਾਲ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਹਨ ਤੇ ਦੋ ਹੋਰ ਵਿਅਕਤੀ ਬੀਮਾਰ ਹਨ। ਬੀਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੱਤ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਇਨ੍ਹਾਂ ਇਲਾਕਿਆਂ ਵਿਚ ਅਗਲੇ ਹੁਕਮਾਂ ਤੱਕ ਕਿਸੇ ਨੂੰ ਵੀ ਅੰਦਰ-ਬਾਹਰ ਨਹੀਂ ਆਉਣ ਦਿੱਤਾ ਜਾਵੇਗਾ। ਜ਼ਰੂਰੀ ਸਪਲਾਈ ਦੀ ਹੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਦੌਰਾਨ ਕਰਨਾਟਕ ਦੇ ਦਕਸ਼ਿਣ ਕੰਨੜਾ ਜ਼ਿਲ੍ਹੇ ਵਿਚ ਪ੍ਰਸ਼ਾਸਨ ਨੇ ਨਿਪਾਹ ਵਾਇਰਸ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਹ ਜ਼ਿਲ੍ਹਾ ਕੇਰਲਾ ਦੇ ਨਾਲ ਲੱਗਦਾ ਹੈ। -ਪੀਟੀਆਈ