ਨਵੀਂ ਦਿੱਲੀ: ਭਾਜਪਾ ਨੇ ਮੁੰਬਈ ਨੌਰਥ ਸੈਂਟਰਲ ਸੀਟ ਤੋਂ ਉੱਘੇ ਵਕੀਲ ਉੱਜਵਲ ਦਿਓਰਾਓ ਨਿਕਮ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਨੇ ਮੌਜੂਦਾ ਸੰਸਦ ਮੈਂਬਰ ਪੂਨਮ ਮਹਾਜਨ ਦੀ ਟਿਕਟ ਇਸ ਵਾਰ ਕੱਟ ਦਿੱਤੀ ਹੈ। ਕਾਨੂੰਨੀ ਹਲਕਿਆਂ ’ਚ ਨਿਕਮ ਦਾ ਨਾਮ ਜਾਣਿਆ-ਪਛਾਣਿਆ ਹੈ ਅਤੇ ਉਨ੍ਹਾਂ ਮੁੰਬਈ ਦਹਿਸ਼ਤੀ ਹਮਲੇ ਦੇ ਕੇਸ ਦੀ ਸਰਕਾਰੀ ਵਕੀਲ ਵਜੋਂ ਪੈਰਵੀ ਕੀਤੀ ਸੀ। ਪੂਨਮ ਮਹਾਜਨ ਭਾਜਪਾ ਦੇ ਮਰਹੂਮ ਆਗੂ ਪ੍ਰਮੋਦ ਮਹਾਜਨ ਦੀ ਧੀ ਹੈ ਅਤੇ ਉਸ ਨੇ 2014 ਅਤੇ 2019 ’ਚ ਇਸੇ ਹਲਕੇ ਤੋਂ ਚੋਣ ਜਿੱਤੀ ਸੀ। ਉਹ ਭਾਜਪਾ ਦੇ ਯੂਥ ਵਿੰਗ ਦੀ ਸਾਬਕਾ ਪ੍ਰਧਾਨ ਵੀ ਰਹੀ ਹੈ। ਪਾਰਟੀ ਆਗੂਆਂ ਨੇ ਦਾਅਵਾ ਕੀਤਾ ਕਿ ਪੂਨਮ ਦੀ ਟਿਕਟ ਜਥੇਬੰਦਕ ਫੀਡਬੈਕ ਲੈਣ ਮਗਰੋਂ ਕੱਟੀ ਗਈ ਹੈ। ਸੂਤਰਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੂਨਮ ਮਹਾਜਨ ਦੀ ਟਿਕਟ ਕੱਟਣ ਦੇ ਸੰਕੇਤ ਮਿਲ ਰਹੇ ਸਨ ਅਤੇ ਉਹ ਢੁੱਕਵੇਂ ਉਮੀਦਵਾਰ ਦੀ ਭਾਲ ਕਰ ਰਹੇ ਸੀ। ਕਾਂਗਰਸ ਨੇ ਸ਼ਹਿਰੀ ਇਕਾਈ ਦੇ ਪ੍ਰਧਾਨ ਅਤੇ ਧਾਰਾਵੀ ਤੋਂ ਵਿਧਾਇਕ ਵਰਸ਼ਾ ਗਾਇਕਵਾੜ ਨੂੰ ਮੁੰਬਈ ਨੌਰਥ ਸੈਂਟਰਲ ਹਲਕੇ ਤੋਂ ਟਿਕਟ ਦਿੱਤੀ ਹੈ। ਭਾਜਪਾ ਨੇ ਉੜੀਸਾ ਵਿਧਾਨ ਸਭਾ ਚੋਣਾਂ ਲਈ ਅੱਠ ਹੋਰ ਉਮੀਦਵਾਰਾਂ ਦੇ ਨਾਮ ਵੀ ਐਲਾਨ ਦਿੱਤੇ ਹਨ। -ਪੀਟੀਆਈ