ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 6 ਅਪਰੈਲ
ਕਰੋਨਾਵਾਇਰਸ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਅੱਜ ਤੋਂ ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲੱਗੇਗਾ। ਰਾਤ ਦਾ ਕਰਫਿਊ 30 ਅਪਰੈਲ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਨੇ ਲੰਘੇ ਦਿਨੀਂ ਕਿਹਾ ਸੀ ਕਿ ਦਿੱਲੀ ਕੋਵਿਡ-19 ਦੀ ਚੌਥੀ ਲਹਿਰ ’ਚੋਂ ਲੰਘ ਰਿਹਾ ਹੈ, ਪਰ ਉਨ੍ਹਾਂ ਲੌਕਡਾਊਨ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ। ਕੇਜਰੀਵਾਲ ਨੇ ਉਸ ਮੌਕੇ ਕਿਹਾ ਸੀ, ‘ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਸੀਂ ਲੌਕਡਾਊਨ ਲਾਉਣ ’ਤੇ ਵਿਚਾਰ ਨਹੀਂ ਕਰ ਰਹੇ। ਅਸੀਂ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਤੇ ਲੋਕਾਂ ਨਾਲ ਸਲਾਹ ਮਸ਼ਵਰੇ ਮਗਰੋਂ ਹੀ ਅਜਿਹਾ ਕੋਈ ਫੈਸਲਾ ਲਿਆ ਜਾਵੇਗਾ। ਦਿੱਲੀ ’ਚ ਰਾਤ ਦੇ ਕਰਫਿਊ ਦੇ ਮੱਦੇਨਜ਼ਰ ਕਰੋਨਾ ਟੀਕਾਕਰਨ ਤੇ ਹੋਰ ਜ਼ਰੂਰੀ ਸੇਵਾਵਾਂ ਲਈ ਈ-ਪਾਸ ਲਾਜ਼ਮੀ ਹੋੇਵੇਗਾ।