ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਥਿਤ ਤੌਰ ’ਤੇ ਸਿੱਖਸ ਫਾਰ ਜਸਟਿਸ (ਐੱਸਐਫਜੇ) ਦੇ ਕਾਰਕੁਨ ਜਸਵਿੰਦਰ ਸਿੰਘ ਮੁਲਤਾਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਲਤਾਨੀ ਨੂੰ ਜਰਮਨੀ ਵਿਚ ਹਿਰਾਸਤ ’ਚ ਲਿਆ ਗਿਆ ਸੀ। ਉਸ ਦਾ ਨਾਂ ਹਾਲ ਹੀ ਵਿਚ ਲੁਧਿਆਣਾ ’ਚ ਹੋਏ ਬੰਬ ਕਾਂਡ ਵਿਚ ਉੱਭਰਿਆ ਸੀ। ਐਨਆਈਏ ਨੇ ਜਸਵਿੰਦਰ ’ਤੇ ਅਪਰਾਧਕ ਸਾਜ਼ਿਸ਼ ਘੜ ਕੇ ਭਾਰਤ ਖ਼ਿਲਾਫ਼ ਜੰਗ ਛੇੜਨ ਦਾ ਇਲਜ਼ਾਮ ਲਾਇਆ ਹੈ। ਏਜੰਸੀ ਮੁਤਾਬਕ ਅਜਿਹਾ ਕਰ ਕੇ ਉਹ ਪੰਜਾਬ ਵਿਚ ਮੁੜ ਅਤਿਵਾਦ ਪੈਦਾ ਕਰਨਾ ਚਾਹੁੰਦਾ ਹੈ। ਏਜੰਸੀ ਦੇ ਅਧਿਕਾਰੀਆਂ ਮੁਤਾਬਕ, ਮੁਲਤਾਨੀ ਖ਼ਿਲਾਫ਼ ਕੇਸ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦਰਜ ਕੀਤਾ ਗਿਆ ਹੈ। ਉਸ ਉਤੇ ਯੂਏਪੀਏ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ। ਮੁਲਤਾਨੀ ਨੂੰ ਪਿਛਲੇ ਹਫ਼ਤੇ ਜਰਮਨੀ ਵਿਚ ਹਿਰਾਸਤ ’ਚ ਲਿਆ ਗਿਆ ਸੀ। ਐਨਆਈਏ ਦਾ ਦੋਸ਼ ਹੈ ਕਿ ਜਸਵਿੰਦਰ ਮੁਲਤਾਨੀ ਨੇ ਵਿਦੇਸ਼ਾਂ ਵਿਚ ਬੈਠੇ ਕਈ ਹੋਰ ਖਾਲਿਸਤਾਨੀ ਪੱਖੀ ਤੱਤਾਂ ਨਾਲ ਮਿਲ ਕੇ ਅਪਰਾਧਕ ਸਾਜ਼ਿਸ਼ ਘੜੀ ਜਿਸ ਦਾ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਕੱਟੜਤਾ ਵੱਲ ਤੋਰਨਾ ਸੀ। ਦੋਸ਼ ਲਾਇਆ ਗਿਆ ਹੈ ਕਿ ਮੁਲਤਾਨੀ ਤੇ ਹੋਰ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਇਨ੍ਹਾਂ ਨੌਜਵਾਨਾਂ ਰਾਹੀਂ ਜ਼ਮੀਨੀ ਪੱਧਰ ’ਤੇ ਅਤੇ ਸੋਸ਼ਲ ਮੀਡੀਆ ਉਤੇ ਕਰਾਉਣਾ ਚਾਹੁੰਦੇ ਸਨ ਤਾਂ ਕਿ ਪੰਜਾਬ ਨੂੰ ਭਾਰਤ ਨਾਲੋਂ ਤੋੜਿਆ ਜਾ ਸਕੇ। ਏਜੰਸੀ ਮੁਤਾਬਕ ਇਹ ਸਾਰੇ ਹਥਿਆਰ, ਅਸਲਾ ਤੇ ਧਮਾਕਾਖੇਜ਼ ਸਮੱਗਰੀ ਲਈ ਪੈਸਾ ਇਕੱਠਾ ਕਰਨ ਵਾਸਤੇ ਪੰਜਾਬ ਦੇ ਤਸਕਰੀ ਨੈੱਟਵਰਕ ਨੂੰ ਵਰਤ ਰਹੇ ਸਨ ਤਾਂ ਕਿ ਸੂਬੇ ਵਿਚ ਮੁੜ ਅਤਿਵਾਦ ਫੈਲਾਇਆ ਜਾ ਸਕੇ। ਕੇਸ ਵਿਚ ਦਰਜ ਕੀਤਾ ਗਿਆ ਹੈ ਕਿ ਮੁਲਤਾਨੀ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐੱਸਆਈ ਦੇ ਵੀ ਸੰਪਰਕ ਵਿਚ ਸੀ ਤੇ ਮੁੰਬਈ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਘੜੀ ਜਾ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕੇਸ ਦਰਜ ਹੋਣ ਨਾਲ ਸਰਕਾਰ ਨੂੰ ਢੁੱਕਵੀਂ ਕਾਨੂੰਨੀ ਕਾਰਵਾਈ ਵਿਚ ਮਦਦ ਮਿਲੇਗੀ ਤਾਂ ਕਿ ਮੁਲਤਾਨੀ ਦੀ ਭਾਰਤ ਨੂੰ ਹਵਾਲਗੀ ਸੰਭਵ ਬਣਾਈ ਜਾ ਸਕੇ। -ਪੀਟੀਆਈ