ਨਵੀਂ ਦਿੱਲੀ, 1 ਜੁਲਾਈ
ਪੰਜਾਬ ਦੇ ਮੋਗਾ ਵਿੱਚ ਖਾੜਕੂਆਂ ਵੱਲੋਂ ਪੈਸਾ ਵਸੂਲੀ ਅਤੇ ਧਮਕੀਆਂ ਨਾਲ ਸਬੰਧਤ ਕੇਸ ਵਿੱਚ ਐਨਆਈਏ ਨੇ ਅੱਜ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਨੌਂ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਛਾਪੇ ਬਰਨਾਲਾ, ਮੋਗਾ, ਫਿਰੋਜ਼ਪੁਰ ਅਤੇ ਉੱਤਰ ਪ੍ਰਦੇਸ਼ ਵਿੱਚ ਮੇਰਠ ਅਤੇ ਮੁਜੱਫਰਨਗਰ ਵਿੱਚ ਛਾਪੇ ਮਾਰੇ ਗਏ। ਮੋਗਾ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮਈ ਮਹੀਨੇ ਵਿੱਚ ਇਕ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਇਹ ਕੇਸ ਉਸ ਸੂਚਨਾ ਦੇ ਆਧਾਰ ’ਤੇ ਦਰਜ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮੋਗਾ ਦੇ ਅਰਸ਼ਦੀਪ ਸਿੰਘ, ਬਰਨਾਲਾ ਦੇ ਚਰਨਜੀਤ ਸਿੰਘ ਅਤੇ ਫਿਰੋਜ਼ਪੁਰ ਦੇ ਰਮਨਦੀਪ ਸਿੰਘ ਜੋ ਹਾਲ ਦੀ ਘੜੀ ਵਿਦੇਸ਼ ਵਿੱਚ ਹਨ ਨੇ ਇਕ ਗਰੋਹ ਬਣਾਇਆ ਹੋਇਆ ਸੀ ਅਤੇ ਉਹ ਲੋਕਾਂ ਨੂੰ ਡਰਾ ਧਮਕਾ ਕੇ ਪੈਸਾ ਵਸੂਲਦੇ ਸਨ। ਅਧਿਕਾਰੀ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ ਨੇ ਇਸ ਸਬੰਧੀ ਮੁੜ ਕੇਸ ਦਰਜ ਕਰਕੇ ਜਾਂਚ ਆਰੰਭੀ ਹੈ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਦੀ ਗਿਫ਼ਤਾਰੀ ਹੋ ਚੁੱਕੀ ਹੈ ਅਤੇ ਹਥਿਆਰ ਜ਼ਬs ਕੀਤੇ ਗਏ ਹਨ। ਇਨ੍ਹਾਂ ਛਾਪਿਆਂ ਵਿੱਚ ਗੋਲੀਆਂ ਦੇ ਖੋਲ੍ਹ, 122 ਗ੍ਰਾਮ ਨਸ਼ੀਲਾ ਪਦਾਰਥ, ਡਿਜੀਟਲ ਉਪਕਰਨ, ਮੋਬਾਈਲ ਫੋਨ , ਸਿਮ ਕਾਰਡ ਅਤੇ ਇਤਰਾਜ਼ਯੋਗ ਸਮੱਗਰੀ ਮਿਲੀ ਹੈ ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। -ਏਜੰਸੀ