ਮੁੰਬਈ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਬਾਰੇ ਸੂਹ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੰਬਈ ’ਚ 1993 ’ਚ ਹੋਏ ਲੜੀਵਾਰ ਧਮਾਕਿਆਂ ਪਿੱਛੇ ਉਸ ਦਾ ਹੱਥ ਸੀ। ਜਾਂਚ ਏਜੰਸੀ ਨੇ ਦਾਊਦ ਦੇ ਨੇੜਲੇ ਸਾਥੀ ਸ਼ਕੀਲ ਸ਼ੇਖ਼ ਉਰਫ਼ ਛੋਟਾ ਸ਼ਕੀਲ ’ਤੇ 20 ਲੱਖ ਰੁਪਏ ਅਤੇ ਹੋਰ ਸਾਥੀਆਂ ਹਾਜੀ ਅਨੀਸ ਉਰਫ਼ ਅਨੀਸ ਇਬਰਾਹਿਮ ਸ਼ੇਖ਼, ਜਾਵੇਦ ਪਟੇਲ ਉਰਫ਼ ਜਾਵੇਦ ਚਿਕਨਾ ਤੇ ਇਬਰਾਹਿਮ ਮੁਸ਼ਤਾਕ ਅਬਦੁੱਲ ਰਜ਼ਾਕ ਮੈਮਨ ਉਰਫ਼ ਟਾਈਗਰ ਮੈਮਨ ਦੀ ਜਾਣਕਾਰੀ ਦੇਣ ਵਾਲਿਆਂ ਨੂੰ 15-15 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਸਾਰੇ ਮੁੰਬਈ ਦੇ ਲੜੀਵਾਰ ਬੰਬ ਧਮਾਕਿਆਂ ’ਚ ਲੋੜੀਂਦੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਐੱਨਆਈਏ ਨੇ ਇਨ੍ਹਾਂ ਭਗੌੜਿਆਂ ਬਾਰੇ ਜਾਣਕਾਰੀ ਮੰਗੀ ਹੈ ਤਾਂ ਜੋ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਏਜੰਸੀ ਨੇ ਫਰਵਰੀ ’ਚ ‘ਡੀ ਕੰਪਨੀ’ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦਾਊਦ ਇਬਰਾਹਿਮ ਕਾਸਕਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤਾ ਗਿਆ ਹੈ। -ਪੀਟੀਆਈ