ਮੁੰਬਈ, 24 ਮਾਰਚ
ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨੇੜੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਗੱਡੀ ਮਿਲਣ ਦੇ ਮਾਮਲੇ ਵਿੱਚ ਮੁੰਬਈ ਪੁਲੀਸ ਦੇ ਮੁਅੱਤਲ ਅਤੇ ਗ੍ਰਿਫ਼ਤਾਰ ਸਹਾਇਕ ਪੁਲੀਸ ਇੰਸਪੈਕਟਰ ਸਚਿਨ ਵਜ਼ੇ ’ਤੇ ਅਤਿਵਾਦੀ ਸਰਗਰਮੀਆਂ ਰੋਕੂ ਕਾਨੂੰਨ (ਯੂਏਪੀਏ) ਦੀਆਂ ਸਖ਼ਤ ਧਾਰਾਵਾਂ ਲਾਈਆਂ ਗਈਆਂ ਹਨ। ਐੱਨਆਈਏ ਨਾਲ ਸਬੰਧਿਤ ਇੱਕ ਅਧਿਕਾਰੀ ਨੇ ਦੱਸਿਆ, ‘‘ਐਂਟੀਲੀਆ ਨੇੜੇ 13 ਮਾਰਚ ਨੂੰ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਗੱਡੀ ਮਿਲਣ ਦੇ ਮਾਮਲੇ ਵਿੱਚ ਵਜ਼ੇ ਖ਼ਿਲਾਫ਼ ਯੂਏਪੀਏ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ।’’ ਸਾਬਕਾ ‘ਐਨਕਾਊਂਟਰ ਸਪੈਸ਼ਲਿਸਟ’ ਵਜ਼ੇ ਇਸ ਕੇਸ ਵਿੱਚ ਮੁੱਖ ਮੁਲਜ਼ਮ ਹੈ ਅਤੇ 25 ਮਾਰਚ ਤੱਕ ਐੱਨਆਈਏ ਦੀ ਹਿਰਾਸਤ ਵਿੱਚ ਹੈ। ਐੱਨਆਈਏ ਨੇ ਤਿੰਨ ਮਾਰਚ ਨੂੰ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਲਈ ਸੀ। ਮਹਾਰਾਸ਼ਟਰ ਦਾ ਅਤਿਵਾਦ ਰੋਕੂ ਦਸਤਾ (ਏਟੀਐੱਸ) ਇਸੇ ਮਾਮਲੇ ਵਿੱਚ ਕਾਰੋਬਾਰੀ ਮਨਸੁਖ ਹੀਰੇਨ ਦੀ ਹੋਈ ਮੌਤ ਦੀ ਜਾਂਚ ਕਰ ਰਿਹਾ ਹੈ। ਏਟੀਐੱਸ ਵਜ਼ੇ ਨੂੰ ਆਪਣੀ ਹਿਰਾਸਤ ਵਿੱਚ ਲੈਣਾ ਚਾਹੁੰਦਾ ਸੀ, ਪਰ ਥਾਨੇ ਦੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਪੀਪੀ ਇੰਗਲੇ ਨੇ ਇਹ ਕੇਸ ਐੱਨਆਈਏ ਨੂੰ ਸੌਂਪਣ ਦੇ ਨਿਰਦੇਸ਼ ਦੇ ਦਿੱਤੇ।