ਨਵੀਂ ਦਿੱਲੀ: ਕੌਮੀ ਗ੍ਰੀਨ ਟ੍ਰਿਬਿਊਨਲ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਆਰਓ ਨਿਰਮਾਤਾਵਾਂ ਨੂੰ ਅਜਿਹੀਆਂ ਥਾਵਾਂ ’ਤੇ ਵਾਟਰ ਪਿਊਰੀਫਾਇਰ ਬੈਨ ਕਰਨ ਲਈ ਆਖੇ, ਜਿੱਥੇ ਪਾਣੀ ਵਿੱਚ ਟੀਡੀਐੱਸ (ਕੁਲ ਘੁਲਣਸ਼ੀਲ ਸੋਲਿਡਜ਼) ਦਾ ਪੱਧਰ ਪ੍ਰਤੀ ਲਿਟਰ 500 ਮਿਲੀਗ੍ਰਾਮ ਤੋਂ ਘੱਟ ਹੈ। ਐੱਨਜੀਟੀ ਚੇਅਰਪਰਸਨ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਸੀਪੀਸੀਬੀ ਨੂੰ ਇਹ ਵੀ ਕਿਹਾ ਕਿ ਉਹ ਆਰਓ ਨੂੰ ਕੈਟਰਿਜ ਸਮੇਤ ਖਾਰਜ ਸਬੰਧੀ ਪ੍ਰਬੰਧਨ ਬਾਰੇ ਹਦਾਇਤਾਂ ਜਾਰੀ ਕਰੇ। ਜਸਟਿਸ ਸੁਧੀਰ ਅਗਰਵਾਲ ਤੇ ਮਾਹਿਰ ਮੈਂਬਰ ਡਾ. ਨਾਗਿਨ ਨੰਦਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ‘‘ਇਸ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਸੀਂ ਸੀਪੀਸੀਬੀ ਨੂੰ ਹਦਾਇਤ ਕਰਦੇ ਹਾਂ ਕਿ ਉਹ ਵਾਤਾਵਰਨ ਸੁਰੱਖਿਆ ਐਕਟ 1986 ਦੀ ਧਾਰਾ 5 ਤਹਿਤ ਸਾਰੇ ਆਰਓ ਨਿਰਮਾਤਾਵਾਂ ਨੂੰ ਢੁੱਕਵੇਂ ਹੁਕਮ ਜਾਰੀ ਕਰੇ ਤਾਂ ਕਿ ਇਹ ਇਕ ਮਹੀਨੇ ਅੰਦਰ ਅਮਲ ਵਿੱਚ ਆ ਜਾਣ।’’ -ਪੀਟੀਆਈ