ਨਵੀਂ ਦਿੱਲੀ, 12 ਜੁਲਾਈ
ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਸੋਮਵਾਰ ਨੂੰ ਹਰਿਆਣਾ ਨੂੰ ਤਿੰਨ ਮਹੀਨਿਆਂ ’ਚ ਦਿੱਲੀ-ਆਗਰਾ ਹਾਈਵੇ ’ਤੇ ਸੀਵਰੇਜ ਓਵਰਫਲੋਅ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਟ੍ਰਿਬਿਊਨਲ ਨੇ ਇਸ ਸਬੰਧੀ ਕਾਰਵਾਈ ’ਚ ਅਸਫ਼ਲ ਰਹਿਣ ’ਤੇ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਐੱਨਜੀਟੀ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਇੱਕ ਬੈਂਚ ਨੇ ਕਿਹਾ ਕਿ ਸੀਕਰੀ ਪਿੰਡ ਨੇੜੇ ਹਾਈਵੇ ’ਤੇ ਸੀਵਰੇਜ ਦੇ ਓਵਰਫਲੋਅ ਤੋਂ ਇਸ ਗੱਲ ਦਾ ਸਾਫ਼ ਪਤਾ ਲੱਗਦਾ ਹੈ ਕਿ ਅਥਾਰਟੀਆਂ ਨਾਗਰਿਕਾਂ ਦੇ ਸਾਫ਼ ਤੇ ਸੁਰੱਖਿਅਤ ਵਾਤਾਵਰਨ ਦੇ ਅਧਿਕਾਰ ਨੂੰ ਬਰਕਰਾਰ ਰੱਖਣ ’ਚ ਸਪੱਸ਼ਟ ਤੌਰ ’ਤੇ ਫੇਲ੍ਹ ਹੋਈਆਂ ਹਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਮੀਡੀਆ ਦੀਆਂ ਸੁਰਖੀਆਂ ’ਚ ਆਇਆ ਸੀ। ਐੱਨਜੀਟੀ ਨੇ ਪਿਛਲੇ 7 ਜਨਵਰੀ ਨੂੰ ਇਸ ਸਬੰਧੀ ਹੁਕਮ ਦਿੱਤੇ ਸਨ। ਐੱਨਜੀਟੀ ਨੇ ਡੇਢ ਸਾਲ ਬਾਅਦ ਵੀ ਇਸ ਸਬੰਧੀ ਕਾਰਵਾਈ ਨਾ ਹੋਣ ’ਤੇ ਨਾਰਾਜ਼ਗੀ ਪ੍ਰਗਟਾਈ ਹੈ। –ਏਜੰਸੀ