ਅਯੁੱਧਿਆ(ਯੂਪੀ), 1 ਜੂਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਦੇ ਅਗਲੇ ਗੇੜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਰਾਮ ਮੰਦਿਰ ਵਿੱਚ ਪਾਵਨ ਅਸਥਾਨ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਰਾਮ ਮੰਦਿਰ ਦੀ ਉਸਾਰੀ ਨੂੰ ਧਾੜਵੀਆਂ ਖਿਲਾਫ਼ ਭਾਰਤ ਦੀ ਜਿੱਤ ਕਰਾਰ ਦਿੰਦਿਆਂ ਦੇਸ਼ ਦੀ ਏਕਤਾ ਦਾ ਪ੍ਰਤੀਕ ਦੱਸਿਆ। ਸੁਪਰੀਮ ਕੋਰਟ ਵੱਲੋਂ ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ਵਿੱਚ ਸੁਣਾਏ ਮੀਲਪੱਥਰ ਫੈਸਲੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ 2020 ਵਿੱਚ ਅਯੁੱਧਿਆ ’ਚ ਰਾਮ ਮੰਦਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਸੀ।
ਅੱਜ ਕੀਤੇ ‘ਸ਼ਿਲਾ ਪੂਜਨ’ ਨਾਲ ਮੁੱਖ ਮੰਦਰ ਦੀ ਉਸਾਰੀ ਦਾ ਦੂਜਾ ਗੇੜ ਸ਼ੁਰੂ ਹੋ ਗਿਆ ਹੈ। ਮੰਦਰ ਲਈ ਬੁਨਿਆਦ ਪਹਿਲਾਂ ਹੀ ਉਸਾਰੀ ਜਾ ਚੁੱਕੀ ਹੈ। ਮੰਦਰ ਦੇ ਇਸ ਹਿੱਸੇ ਦਾ ਨਿਰਮਾਣ ਮੁਕੰਮਲ ਕਰਕੇ, ਇਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਲੋਕਾਂ ਦੇ ਦਰਸ਼ਨਾਂ ਲਈ ਖੋਲ੍ਹਣ ਦੀ ਉਮੀਦ ਹੈ। ਮੁੱਖ ਮੰਤਰੀ ਆਦਿੱਤਿਆਨਾਥ ਨੇ ਮੰਤਰਾਂ ਦੇ ਉਚਾਰਨ ਦਰਮਿਆਨ ਰਾਮ ਮੰਦਿਰ ਟਰੱਸਟ ਦੇ ਅਧਿਕਾਰੀਆਂ ਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਮੌਜੂਦਗੀ ਵਿੱਚ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ, ‘‘ਇਹ ਧਾੜਵੀਆਂ ਖਿਲਾਫ਼ ਭਾਰਤ ਦੀ ਜਿੱਤ ਹੈ।’’ ਉਨ੍ਹਾਂ ਇਸ ਨੂੰ ਹਰੇਕ ਭਾਰਤੀ ਲਈ ਗੌਰਵ ਦਾ ਵੱਡਾ ਪਲ ਦੱਸਿਆ। ਉਨ੍ਹਾਂ ਕਿਹਾ, ‘‘ਇਹ ਮੰਦਰ ਲੋਕਾਂ ਦੀ ਸ਼ਰਧਾ ਦਾ ਪ੍ਰਤੀਕ ਹੈ। ਇਹ ਰਾਸ਼ਟਰ ਦਾ ਮੰਦਰ ਹੋਵੇਗਾ। ਸ਼ਰਧਾਲੂਆਂ ਦੀ 500 ਸਾਲ ਪੁਰਾਣੀ ਪੀੜ ਹੁਣ ਖ਼ਤਮ ਹੋਵੇਗੀ ਤੇ ਅੱਜ ਦਾ ਦਿਨ ਰਾਮ ਮੰਦਿਰ ਦੀ ਉਸਾਰੀ ਲਈ ‘ਬੜਾ ਖਾਸ ਦਿਨ’ ਹੈ।’’ -ਪੀਟੀਆਈ