ਪਣਜੀ: ਗੋਆ ਦੇ ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਉਣ ਲਈ ਰਾਜਪਾਲ ਪੀਐੱਸ ਸ੍ਰੀਧਰਨ ਪਿਲੱਈ ਨੇ 15 ਮਾਰਚ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਹੈ। ਸਰਕਾਰੀ ਬਿਆਨ ਮੁਤਾਬਕ ਵਿਧਾਇਕ ਚੁਣੇ ਗਏ ਗਣੇਸ਼ ਗਾਓਂਕਰ ਨੂੰ ਪ੍ਰੋ-ਟੈੱਮ ਸਪੀਕਰ ਵਜੋਂ 14 ਮਾਰਚ ਨੂੰ ਰਾਜ ਭਵਨ ਵਿਚ ਰਾਜਪਾਲ ਵੱਲੋਂ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ ਗਾਓਂਕਰ ਬਾਕੀ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। 40 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੇ 20 ਸੀਟਾਂ ਜਿੱਤੀਆਂ ਹਨ। ਭਾਜਪਾ ਨੂੰ ਤਿੰਨ ਆਜ਼ਾਦ ਜਿੱਤੇ ਉਮੀਦਵਾਰ ਵੀ ਸਮਰਥਨ ਦੇ ਰਹੇ ਹਨ ਤੇ ਸਰਕਾਰ ਬਣਾਉਣ ਲਈ ਦਾਅਵਾ ਭਲਕੇ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਿਕ ਪ੍ਰਮੋਦ ਸਾਵੰਤ ਨੇ ਬੀਤੇ ਦਿਨ ਆਪਣਾ ਅਸਤੀਫ਼ਾ ਦਿੱਤਾ ਹੈ। -ਪੀਟੀਆਈ