ਨਿਊਯਾਰਕ, 7 ਫਰਵਰੀ
ਨਿਊਯਾਰਕ ਸੂਬੇ ਦੀ ਵਿਧਾਨ ਸਭਾ ਨੇ ਇਕ ਮਤਾ ਪਾਸ ਕਰ ਕੇ ਗਵਰਨਰ ਐਂਡਰਿਊ ਕਿਊਮੋ ਤੋਂ ਮੰਗ ਕੀਤੀ ਹੈ ਕਿ ਪੰਜ ਫਰਵਰੀ ਦਾ ਦਿਨ ‘ਕਸ਼ਮੀਰੀ ਅਮਰੀਕੀ ਦਿਹਾੜੇ’ ਵਜੋਂ ਮਨਾਇਆ ਜਾਵੇ। ਭਾਰਤ ਨੇ ਇਸ ਮਤੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ‘ਨਿੱਜੀ ਹਿੱਤਾਂ’ ਖਾਤਰ ਕੁਝ ਲੋਕ ਜੰਮੂ ਕਸ਼ਮੀਰ ਦੇ ਅਮੀਰ ਸਭਿਆਚਾਰਕ ਤੇ ਸਮਾਜਿਕ ਤਾਣੇ-ਬਾਣੇ ਨੂੰ ਗਲਤ ਢੰਗ ਨਾਲ ਪੇਸ਼ ਕਰ ਕੇ ਲੋਕਾਂ ਨੂੰ ਵੰਡ ਰਹੇ ਹਨ। ਇਹ ਮਤਾ ਵਿਧਾਨ ਸਭਾ ਮੈਂਬਰ ਨਾਦਿਰ ਸਾਏਗ਼ ਤੇ 12 ਹੋਰਾਂ ਨੇ ਪੇਸ਼ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਕਸ਼ਮੀਰੀ ਭਾਈਚਾਰੇ ਨੇ ਔਖ ਝੱਲ ਕੇ ਵੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਖ਼ੁਦ ਨੂੰ ਨਿਊਯਾਰਕ ਪਰਵਾਸੀ ਭਾਈਚਾਰੇ ਦੇ ਅਹਿਮ ਥੰਮ੍ਹ ਵਜੋਂ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ ਮਤੇ ਵਿਚ ਕਿਹਾ ਗਿਆ ਹੈ ਕਿ ਨਿਊਯਾਰਕ ਮਨੁੱਖੀ ਹੱਕਾਂ ਨੂੰ ਤਰਜੀਹ ਦੇਣ, ਸਾਰੇ ਕਸ਼ਮੀਰੀ ਲੋਕਾਂ ਨੂੰ ਧਾਰਮਿਕ ਤੇ ਭਾਵਨਾਵਾਂ ਪ੍ਰਗਟਾਉਣ ਦੀ ਆਜ਼ਾਦੀ ਦੇਣ ਦੀ ਹਾਮੀ ਭਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੱਦਾਂ ਅਮਰੀਕੀ ਸੰਵਿਧਾਨ ਮੁਤਾਬਕ ਹਨ। ਮਤੇ ਉਤੇ ਟਿੱਪਣੀ ਕਰਦਿਆਂ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਕਿਹਾ ‘ਅਮਰੀਕਾ ਵਾਂਗ ਭਾਰਤ ਵੀ ਲੋਕਤੰਤਰ ਹੈ ਤੇ 130 ਕਰੋੜ ਭਾਰਤ ਵਾਸੀਆਂ ਦੀ ਬਹੁਲਵਾਦੀ ਨੈਤਿਕਤਾ ਮਾਣ ਕਰਨ ਯੋਗ ਹੈ।’ ਇਸ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਸਣੇ ਜੰਮੂ ਕਸ਼ਮੀਰ ਦੇਸ਼ ਆਪਣੀ ਵਿੰਭਿਨਤਾ ਤੇ ਅਮੀਰ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਭਾਰਤੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਊਯਾਰਕ ਸੂਬੇ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਭਾਰਤੀ-ਅਮਰੀਕੀ ਭਾਈਵਾਲੀ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਰਾਬਤਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਵਾਸੀ ਭਾਰਤੀਆਂ ਦੇ ਹਰ ਵਰਗ ਨੂੰ ਨਾਲ ਜੋੜਿਆ ਜਾਵੇਗਾ। ਇਸ ਮਾਮਲੇ ’ਤੇ ਨਿਊਯਾਰਕ ਸਥਿਤ ਪਾਕਿਸਤਾਨੀ ਦੂਤਾਵਾਸ ਨੇ ਵੀ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਮਤਾ ਪੇਸ਼ ਕਰਨ ਲਈ ਨਾਦਿਰ ਤੇ ਇਸ ਮਤੇ ਦੀ ਵਕਾਲਤ ਕਰਨ ਵਾਲੇ ਅਮਰੀਕੀ-ਪਾਕਿਸਤਾਨੀਆਂ ਦੀ ਸ਼ਲਾਘਾ ਕੀਤੀ ਹੈ। -ਏਪੀ
ਰਾਜ ਸਭਾ ’ਚੋਂ ਖ਼ਤਮ ਹੋ ਜਾਵੇਗੀ ਜੰਮੂ ਕਸ਼ਮੀਰ ਦੀ ਨੁਮਾਇੰਦਗੀ
ਨਵੀਂ ਦਿੱਲੀ: ਰਾਜ ਸਭਾ ਵਿਚ ਜੰਮੂ ਕਸ਼ਮੀਰ ਦੀ ਨੁਮਾਇੰਦਗੀ ਜਲਦੀ ਹੀ ਖ਼ਤਮ ਹੋ ਜਾਵੇਗੀ। ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਪਹਿਲਾਂ ਸੂਬਾ ਰਹੇ ਜੰਮੂ ਕਸ਼ਮੀਰ ਦੇ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋਣ ਜਾ ਰਿਹਾ ਹੈ। ਇਨ੍ਹਾਂ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਵੀ ਸ਼ਾਮਲ ਹਨ। ਪੀਡੀਪੀ ਸੰਸਦ ਮੈਂਬਰ ਨਜ਼ੀਰ ਅਹਿਮਦ ਲਾਵੇ ਅਤੇ ਮੀਰ ਮੁਹੰਮਦ ਫ਼ਯਾਜ਼ ਦਾ ਕਾਰਜਕਾਲ 10 ਫਰਵਰੀ ਤੇ 15 ਫਰਵਰੀ ਨੂੰ ਖ਼ਤਮ ਹੋ ਜਾਵੇਗਾ। ਜਦਕਿ ਆਜ਼ਾਦ ਦਾ ਕਾਰਜਕਾਲ 15 ਤੇ ਭਾਜਪਾ ਦੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਮਨਹਾਸ ਦਾ ਕਾਰਜਕਾਲ ਦਸ ਫਰਵਰੀ ਨੂੰ ਮੁੱਕ ਜਾਵੇਗਾ। ਧਾਰਾ 370 ਹਟਾਏ ਜਾਣ ਮੌਕੇ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਭੰਗ ਕੀਤੀ ਜਾ ਚੁੱਕੀ ਹੈ। ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ ਸੀ। ਵਿਧਾਨ ਸਭਾ ਚੋਣ ਨਾ ਹੋਣ ਕਾਰਨ ਰਾਜ ਸਭਾ ਲਈ ਨਵੇਂ ਮੈਂਬਰ ਨਹੀਂ ਚੁਣੇ ਜਾ ਸਕਦੇ। ਜ਼ਿਕਰਯੋਗ ਹੈ ਕਿ ਕਈ ਸਿਆਸੀ ਪਾਰਟੀਆਂ ਯੂਟੀ ਵਿਚ ਚੋਣਾਂ ਕਰਵਾਉਣ ਤੇ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰ ਰਹੀਆਂ ਹਨ। ਧੰਨਵਾਦੀ ਮਤੇ ’ਤੇ ਬੋਲਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਆਜ਼ਾਦ ਨੇ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਦੇ ਵੀ ਸੂਬੇ ਨੂੰ ਵੰਡਣ ਲਈ ਨਹੀਂ ਕਿਹਾ ਸੀ ਪਰ ਮੋਦੀ ਸਰਕਾਰ ਨੇ ਅਜਿਹਾ ਕੀਤਾ ਤੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ। ਆਜ਼ਾਦ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ ਤੇ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਨਾਲ ਹੀ ਕਿਹਾ ਕਿ ਜਦ ਸੂਬਾ ਸਰਕਾਰ ਸੀ ਤਾਂ ਵਿਕਾਸ ਵੱਧ ਸੀ, ਦਹਿਸ਼ਤਗਰਦੀ ਘੱਟ ਸੀ ਤੇ ਕਾਨੂੰਨ-ਵਿਵਸਥਾ ਵੀ ਠੀਕ ਸੀ। ਸੂਬੇ ਵਿਚ ਹੁਣ ਸੈਰ-ਸਪਾਟਾ ਨਹੀਂ ਹੈ, ਲੋਕ ਘਰ ਬੈਠੇ ਹਨ ਤੇ ਸਿੱਖਿਆ ਖ਼ਤਮ ਹੋ ਰਹੀ ਹੈ। ਸਕੂਲਾਂ ਬਿਨਾਂ ਵਿਕਾਸ ਕਿਵੇਂ ਸੰਭਵ ਹੈ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਲੋਕ ਧਾਰਾ 370 ਹਟਾਏ ਜਾਣ ਤੋਂ ਖ਼ੁਸ਼ ਨਹੀਂ ਹਨ। -ਆਈਏਐਨਐੱਸ