ਨਵੀਂ ਦਿੱਲੀ, 12 ਜੁਲਾਈ
ਅਮਰੀਕਾ ਵੱਲੋਂ ਐਲਾਨੇ ਨਵੇਂ ਵੀਜ਼ਾ ਨੇਮਾਂ ਨੇ ਉਥੇ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੇ ਫ਼ਿਕਰ ਵਧਾ ਦਿੱਤੇ ਹਨ। ਕਰੋਨਾਵਾਇਰਸ ਕਰਕੇ ਕੁੱਲ ਆਲਮ ਨੂੰ ਦਰਪੇਸ਼ ਇਸ ਸੰਕਟ ਦਰਮਿਆਨ ਭਾਰਤੀ ਵਿਦਿਆਰਥੀ ਵਿਦੇਸ਼ ਜਾਣ ਲਈ ਲਏ ਕਰਜ਼ਿਆਂ ਦੇ ਬਕਾਇਆਂ, ਕੋਵਿਡ-19 ਦੀ ਲਾਗ ਲੱਗਣ ਦੇ ਵਧਦੇ ਜੋਖ਼ਮ, ਸਮੈਸਟਰ ਵਿਚਾਲੇ ਛੱਡਣ ਤੇ ਮੁੜ ਅਮਰੀਕੀ ਕਾਲਜਾਂ/ਯੂਨੀਵਰਸਿਟੀਆਂ ਦੇ ਕੈਂਪਸਾਂ ’ਚ ਨਾ ਪਰਤਣ ਦੀਆਂ ਸੰਭਾਵਨਾਵਾਂ ਤੋਂ ਵਧੇਰੇ ਫ਼ਿਕਰਮੰਦ ਹਨ। ਚੇਤੇ ਰਹੇ ਕਿ ਅਮਰੀਕੀ ਇਮੀਗ੍ਰੇਸ਼ਨ ਅਥਾਰਿਟੀ ਨੇ ਲੰਘੇ ਦਿਨੀਂ ਇਕ ਐਲਾਨ ਵਿੱਚ ਸਾਫ਼ ਕਰ ਦਿੱਤਾ ਸੀ ਕਿ ਅਮਰੀਕੀ ਯੂਨੀਵਰਸਿਟੀਆਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਜੇਕਰ ਮੌਜੂਦਾ ਸਮੈਸਟਰਾਂ ਦੀ ਪੜ੍ਹਾਈ ਲਈ ਆਨਲਾਈਨ ਜਮਾਤਾਂ ਲਾਉਣ ਦਾ ਫੈਸਲਾ ਕਰਦੀਆਂ ਹਨ ਤਾਂ ਇਨ੍ਹਾਂ ਵਿੱਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਨੂੰ ਮੁਲਕ ਛੱਡਣਾ ਪੈ ਸਕਦਾ ਹੈ। ਡਿਊਕ ਯੂਨੀਵਰਸਿਟੀ ਦੀ ਵਿਦਿਆਰਥਣ ਸ਼ੋਭਨਾ ਮੁਖਰਜੀ ਨੇ ਕਿਹਾ, ‘ਅਮਰੀਕਾ ਵਿੱਚ ਲੰਮੀਆਂ ਯੋਜਨਾਵਾਂ ਨਾਲ ਆਏ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਵਿਭਾਗ ਦਾ ਉਪਰੋਕਤ ਐਲਾਨ ਵੱਡਾ ਝਟਕਾ ਹੈ। ਮੈਂ ਕਰੋਨਾ ਮਹਾਮਾਰੀ ਦੌਰਾਨ ਕੈਂਪਸ ਬੰਦ ਰਹਿਣ ਦੇ ਬਾਵਜੂਦ ਅਮਰੀਕਾ ਵਿੱਚ ਰਹੀ। ਮੈਂ ਹੁਣ ਹੋਰ ਸਫ਼ਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਟਾਈਮ ਜ਼ੋਨ ਵੱਖਰੀ ਹੋਣ ਨਾਲ ਆਨਲਾਈਨ ਜਮਾਤਾਂ ਲਾਉਣਾ ਔਖਾ ਹੋ ਜਾਵੇਗਾ। ਪਰ ਹੁਣ ਚਾਣਚੱਕ ਅਮਰੀਕਾ ’ਚ ਮੇਰੀ ਠਹਿਰ ਕਾਨੂੰਨੀ ਤੌਰ ’ਤੇ ਗੈਰਵਾਜਬ ਹੋ ਗਈ ਹੈ।’ -ਪੀਟੀਆਈ