ਨਾਗਪੁਰ, 8 ਮਈ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਸਿੱਖਿਆ ਤੇ ਸਿਹਤ ਖੇਤਰ ਵਿਚ ਨਵੇਂ ਉਦਯੋਗਾਂ (ਸਟਾਰਟ-ਅਪਸ) ਦੀ ਸ਼ੁਰੂਆਤ ਦੇਸ਼ ਲਈ ਪਾਸਾ ਪਲਟਣ ਵਾਲੀ ਸਾਬਿਤ ਹੋ ਸਕਦੀ ਹੈ। ਇੱਥੇ ਆਈਆਈਐਮ (ਨਾਗਪੁਰ) ਦੇ ਸਥਾਈ ਕੈਂਪਸ ਦੇ ਉਦਘਾਟਨੀ ਸਮਾਗਮ ਮੌਕੇ ਕੋਵਿੰਦ ਨੇ ਕਿਹਾ ਕਿ ਇਕ ਸਿੱਖਿਆ ਸੰਸਥਾ ਸਿਰਫ਼ ਸਿੱਖਣ ਦੀ ਥਾਂ ਹੀ ਨਹੀਂ ਹੁੰਦੀ। ਉਨ੍ਹਾਂ ਕਿਹਾ, ‘ਇਹ ਅਜਿਹੀ ਥਾਂ ਹੈ ਜੋ ਸਾਡੇ ਸਾਰਿਆਂ ਵਿਚ ਲੁਕੇ ਕਈ ਗੁਣਾਂ ਨੂੰ ਉਭਾਰਦੀ ਤੇ ਨਿਖਾਰਦੀ ਹੈ। ਪਾਠਕ੍ਰਮ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਦਿੰਦਾ ਹੈ ਤੇ ਮੰਤਵ ਦਾ ਪਤਾ ਲੱਗਦਾ ਹੈ, ਇਸ ਤੋਂ ਬਾਅਦ ਅਸੀਂ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਵੱਲ ਵਧਦੇ ਹਾਂ।’ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਅਜਿਹੇ ਦੌਰ ਵਿਚ ਰਹਿ ਰਹੇ ਹਾਂ ਜਿੱਥੇ ਖੋਜ ਤੇ ਉੱਦਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ‘ਸਟਾਰਟ-ਅਪਸ’ ਨਵੀਂ ਇਬਾਰਤ ਲਿਖ ਰਹੇ ਹਨ, ਨਵੇਂ ਖੇਤਰ ਇਨ੍ਹਾਂ ਦੇ ਘੇਰੇ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖਾਣਾ ਪਹੁੰਚਾਉਣ ਤੋਂ ਲੈ ਕੇ ਕਿਸੇ ਵੀ ਚੀਜ਼ ਦੀ ਡਲਿਵਰੀ ਤੱਕ ਸਭ ਕੁਝ ਐਪ ਆਧਾਰਿਤ ਪਲੈਟਫਾਰਮ ਤੋਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਤੇ ਹੋਰ ਕਈ ਅਜਿਹੇ ਖੇਤਰ ਵੀ ਹੁਣ ਇਨ੍ਹਾਂ ਦੇ ਘੇਰੇ ਵਿਚ ਆ ਰਹੇ ਹਨ ਜਦਕਿ ਪਹਿਲਾਂ ਅਜਿਹਾ ਨਹੀਂ ਸੀ। ਇਸ ਨਾਲ ਵੱਡੀ ਤਬਦੀਲੀ ਆ ਰਹੀ ਹੈ ਤੇ ਇਹ ਦੇਸ਼ ਲਈ ਪਾਸਾ ਪਲਟਣ ਵਾਲੇ ਸਾਬਿਤ ਹੋ ਸਕਦੇ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਤੇ ਆਮਦਨੀ ਵੀ ਵਧ ਰਹੀ ਹੈ। ਕੋਵਿੰਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਲਦ ਹੀ ਪੇਸ਼ੇਵਰ ਬਣ ਜਾਣਗੇ ਤੇ ਪੂਰੀ ਦੁਨੀਆ ਘੁੰਮਣਗੇ ਪਰ ਇਸ ਦੌਰਾਨ ਉਹ ਦੇਸ਼ ਨਾਲ ਜੁੜੀਆਂ ਭਾਵਨਾਵਾਂ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸੰਜੋ ਕੇ ਰੱਖਣ। ਇਸ ਮੌਕੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਨਿਤਿਨ ਗਡਕਰੀ, ਮਹਾਰਾਸ਼ਟਰ ਦੇ ਮੰਤਰੀ ਸੁਭਾਸ਼ ਦੇਸਾਈ, ਨਿਤਿਨ ਰਾਊਤ, ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਹੋਰ ਹਾਜ਼ਰ ਸਨ। ਆਈਆਈਐਮ-ਨਾਗਪੁਰ ਸੰਨ 2015 ਵਿਚ ਸਥਾਪਿਤ ਕੀਤਾ ਗਿਆ ਸੀ। -ਪੀਟੀਆਈ