ਨਵੀਂ ਦਿੱਲੀ, 4 ਫਰਵਰੀ
ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਜਨਤਕ ਖੇਤਰ ਦੀਆਂ ਉਨ੍ਹਾਂ ਕੰਪਨੀਆਂ ਦੀ ਅਗਲੀ ਸੂਚੀ ਕੁਝ ਹਫ਼ਤਿਆਂ ’ਚ ਤਿਆਰ ਹੋਵੇਗੀ ਜਿਨ੍ਹਾਂ ’ਚੋਂ ਸਰਕਾਰੀ ਹਿੱਸਾ ਕੱਢ ਕੇ ਨਿੱਜੀ ਹੱਥਾਂ ’ਚ ਸੌਂਪਿਆ ਜਾਵੇਗਾ। ਉਨ੍ਹਾਂ ਆਸ ਜਤਾਈ ਕਿ ਪ੍ਰਸਤਾਵਿਤ ਮੁੜ ਪੂੰਜੀਕਰਨ ਅਤੇ ਪ੍ਰਬੰਧਨ ਕੰਪਨੀਆਂ ਯੂਟੀਆਈ ਵਾਂਗ ਵਧੀਆ ਕੰਮ ਕਰਨਗੀਆਂ ਅਤੇ ਬੈਂਕਾਂ ਨੂੰ ਡੁੱਬੇ ਕਰਜ਼ਿਆਂ ਦੀ ਮੁਸ਼ਕਲ ’ਚੋਂ ਬਾਹਰ ਕੱਢ ਲੈਣਗੀਆਂ। ਰਾਜੀਵ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਅਤੇ ਖੇਤੀ ਸੈਕਟਰ ’ਚ ਸੁਧਾਰ ਲਈ ਲਗਾਤਾਰ ਵਚਨਬੱਧਤਾ ਦਿਖਾਈ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਇਹ ਸੁਧਾਰ ਸਾਰੀਆਂ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ’ਚ ਸਨ। ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਕਰਜ਼ਾ ਮੁੜ ਤੋਂ ਦੇਣ ਦਾ ਅਮਲ ਸ਼ੁਰੂ ਕਰਨ ਲਈ ਉਨ੍ਹਾਂ ਦੀ ਬੈਲੈਂਸ ਸ਼ੀਟ ਨੂੰ ਸਾਫ਼ ਕਰਨ ਦੀ ਲੋੜ ਹੈ। ਬਜਟ ’ਚ ਮੱਧ ਵਰਗ ਲਈ ਕੁਝ ਵੀ ਨਾ ਹੋਣ ਦੀ ਆਲੋਚਨਾ ਬਾਰੇ ਨੀਤੀ ਆਯੋਗ ਦੇ ਅਹੁਦੇਦਾਰ ਨੇ ਕਿਹਾ ਕਿ ਮੱਧ ਵਰਗ ਦੀਆਂ ਖਾਹਿਸ਼ਾਂ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਘੜੀ ’ਚ ਸਾਰਿਆਂ ਨੂੰ ਕੁਝ ਠਰ੍ਹੰਮਾ ਰੱਖ ਕੇ ਅਰਥਚਾਰੇ ਨੂੰ ਸੁਧਾਰਨ ’ਚ ਲੋੜੀਂਦਾ ਯੋਗਦਾਨ ਪਾਉਣਾ ਚਾਹੀਦਾ ਹੈ। -ਪੀਟੀਆਈ
ਮੋਦੀ ਕਰਨਗੇ ਨੀਤੀ ਆਯੋਗ ਦੀ ਗਵਰਨਿੰਗ ਕਾਊਂਸਿਲ ਦੀ ਬੈਠਕ ਦੀ ਅਗਵਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਤੀ ਆਯੋਗ ਦੀ ਗਵਰਨਿੰਗ ਕਾਊਂਸਿਲ ਦੀ 20 ਫਰਵਰੀ ਨੂੰ ਹੋਣ ਵਾਲੀ ਬੈਠਕ ਦੀ ਅਗਵਾਈ ਕਰਨਗੇ। ਸੂਤਰਾਂ ਮੁਤਾਬਕ ਬੈਠਕ ਦੌਰਾਨ ਸਿਹਤ, ਅਰਥਚਾਰੇ ਅਤੇ ਕਿਰਤ ਸੁਧਾਰਾਂ ਬਾਰੇ ਚਰਚਾ ਕੀਤੀ ਜਾਵੇਗੀ। ਕਾਊਂਸਿਲ ’ਚ ਸਾਰੇ ਮੁੱਖ ਮੰਤਰੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ ਰਾਜਪਾਲ, ਕਈ ਕੇਂਦਰੀ ਮੰਤਰੀ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਸ੍ਰੀ ਮੋਦੀ ਨੀਤੀ ਆਯੋਗ ਦੇ ਚੇਅਰਮੈਨ ਹਨ। ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਗਵਰਨਿੰਗ ਕਾਊਂਸਿਲ ਦੀ ਮੀਟਿੰਗ ਨਹੀਂ ਹੋ ਸਕੀ ਸੀ। -ਪੀਟੀਆਈ