ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 11 ਜਨਵਰੀ
ਮੁੱਖ ਅੰਸ਼
- ਮਤਾ ਪਾਸ ਕਰ ਕੇ ਸਿੱਖ ਵਿਰੋਧੀ ਦੰਗਿਆਂ ਨੂੰ ਗਰਦਾਨਿਆ ਨਸਲਕੁਸ਼ੀ
- ਕੈਲੀਫੋਰਨੀਆ ਤੇ ਪੈਨਸਿਲਵੇਨੀਆ ਵੱਲੋਂ ਵੀ ਪਾਸ ਕੀਤਾ ਜਾ ਚੁੱਕਾ ਹੈ ਮਤਾ
ਅਮਰੀਕੀ ਸੂਬੇ ਨਿਊ ਜਰਸੀ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਨਿਖੇਧੀ ਕੀਤੀ ਹੈ ਤੇ ਇਨ੍ਹਾਂ ਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਸਿੱਖ ਕਾਕਸ ਕਮੇਟੀ ਦੇ ਯਾਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੇ ਸੂਬਾ ਸੈਨੇਟ ਵੱਲੋਂ ਇਹ ਮਤਾ ਪਾਸ ਕਰਨ ਦੀ ਸ਼ਲਾਘਾ ਕੀਤੀ ਹੈ। ਸਿੱਖ ਕਾਕਸ ਮੁਤਾਬਕ ਇਸ ਸਬੰਧੀ ਮਤਾ ਸੈਨੇਟਰ ਸਟੀਫਨ ਸਵੀਨੀ ਨੇ ਪੇਸ਼ ਕੀਤਾ ਅਤੇ ਹਿੰਦੂ ਮੈਂਬਰ ਵੀਨੂ ਗੋਪਾਲ ਨੇ ਵੀ ਇਸ ਦੇ ਹੱਕ ਵਿਚ ਵੋਟ ਪਾਈ। ਮਤੇ ਵਿਚ ਕਿਹਾ ਗਿਆ ਕਿ ਸਿੱਖਾਂ ਦੀਆਂ ਹੱਤਿਆਵਾਂ ਪਹਿਲੀ ਨਵੰਬਰ, 1984 ਨੂੰ ਸ਼ੁਰੂ ਹੋਈਆਂ ਤੇ ਤਿੰਨ ਦਿਨਾਂ ਤੱਕ ਜਾਰੀ ਰਹੀਆਂ। ਕਈ ਸੂਬਿਆਂ ਵਿਚ ਸਿੱਖਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਰਾਜ ਦੇ ਸਦਨ ਵੱਲੋਂ 2015 ਵਿਚ ਇਕ ਮਤਾ ਪਾਸ ਕਰ ਕੇ ਕਤਲੇਆਮ ਦੀ ਨਿਖੇਧੀ ਕੀਤੀ ਗਈ ਸੀ। ਉਨ੍ਹਾਂ ਦਿੱਲੀ ਵਿਚ ਹੋਈਆਂ ਹੱਤਿਆਵਾਂ ਨੂੰ ਯੋਜਨਾਬੱਧ ਤੇ ਮਿੱਥ ਕੇ ਕੀਤੀਆਂ ਕਰਾਰ ਦਿੱਤਾ ਸੀ। ਸੰਨ 2018 ਵਿਚ ਪੈਨਸਿਲਵੇਨੀਆ ਵਿਚ ਵੀ ਇਸੇ ਤਰ੍ਹਾਂ ਦਾ ਮਤਾ ਪਾਸ ਕੀਤਾ ਗਿਆ ਸੀ। ਨਿਊ ਜਰਸੀ ਦੇ ਮਤੇ ਵਿਚ ਕਿਹਾ ਗਿਆ ਕਿ ਇਸ ਕਤਲੇਆਮ ’ਚੋਂ ਬਚਣ ਵਾਲੇ ਕਈ ਮਗਰੋਂ ਪ੍ਰਵਾਸ ਕਰ ਕੇ ਅਮਰੀਕਾ ਆ ਗਏ। ਉਹ ਇੱਥੋਂ ਦੇ ਸ਼ਹਿਰਾਂ ਫਰੈਜ਼ਨੋ, ਯੂਬਾ ਸਿਟੀ, ਸਟਾਕਟਨ, ਗਲੈੱਨਰੌਕ, ਪਾਈਨ ਹਿੱਲ, ਕਾਰਟੇਰੈੱਟ, ਨਿਊ ਯਾਰਕ ਸਿਟੀ ਤੇ ਫਿਲਾਡੈਲਫੀਆ ਵਿਚ ਵੱਡੀ ਗਿਣਤੀ ਵਿਚ ਵਸ ਗਏ। ਮਤੇ ਵਿਚ ਕਿਹਾ ਗਿਆ ਕਿ ਅਮਰੀਕਾ ਤੇ ਨਿਊ ਜਰਸੀ ਵਿਚਲਾ ਸਿੱਖ ਭਾਈਚਾਰਾ ਇਸ ਕਤਲੇਆਮ ਦੇ ਮਾਲੀ ਨੁਕਸਾਨ ਤੋਂ ਤਾਂ ਉੱਭਰ ਗਿਆ ਹੈ ਪਰ ਇਸ ਨਾਲ ਜੁੜੀਆਂ ਯਾਦਾਂ ਹਾਲੇ ਵੀ ਉਨ੍ਹਾਂ ਦੇ ਮਨਾਂ ਵਿਚ ਤਾਜ਼ਾ ਹਨ। ਉਹ ਕਦੇ ਵੀ ਇਸ ਨਸਲਕੁਸ਼ੀ ਨੂੰ ਭੁੱਲ ਨਹੀਂ ਸਕਣਗੇ।