ਨਵੀਂ ਦਿੱਲੀ, 2 ਅਗਸਤ
ਕਾਂਗਰਸ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਮਨੁੱਖੀ ਵਿਕਾਸ ਤੇ ਜਾਣਕਾਰੀ ਦੇ ਵਿਸਤਾਰ ਦੇ ਬੁਨਿਆਦੀ ਟੀਚੇ ਦੀ ਘਾਟ ਹੈ। ਪਾਰਟੀ ਮੁਤਾਬਕ ਇਸ ਵਿੱਚ ਮਨਮੋਹਣੇ ਵਾਕ ਅਤੇ ਸ਼ਬਦ ਆਡੰਬਰ ਹਨ ਪਰ ਨੀਤੀ ਲਾਗੂ ਕਰਨ ਲਈ ਲੋੜੀਂਦੇ ਫੰਡਾਂ ਦੀ ਘਾਟ ਦੇ ਨਾਲ-ਨਾਲ ਇਸ ਨੂੰ ਲਾਗੂ ਕਰਨ ਲਈ ਸਹੀ ਤਰੀਕੇ ਦੀ ਘਾਟ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਇਹ ਨੀਤੀ ਸੰਸਦ ਮੈਂਬਰਾਂ ਦੀ ਨਿਗਰਾਨੀ ਤੋਂ ਬਾਹਰ ਰਹੀ ਹੈ ਤੇ ਆਰਐੱਸਐੱਸ ਤੋਂ ਬਿਨਾਂ ਕਿਸੇ ਅਕਾਦਮਿਕ ਮਾਹਿਰ ਨਾਲ ਵੀ ਵਿਚਾਰ-ਚਰਚਾ ਨਹੀਂ ਕੀਤੀ ਗਈ।
ਇੱਥੇ ਇੱਕ ਮੀਡੀਆ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂਆਂ ਐੱਮ ਐੱਮ ਪੱਲਮ ਰਾਜੂ, ਰਾਜੀਵ ਗੌੜਾ ਤੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਗ਼ਰੀਬ ਤੇ ਅਮੀਰ ’ਚ ਡਿਜੀਟਲ ਪਾੜਾ ਪੈਦਾ ਕਰੇਗੀ ਤੇ ਇਸ ਨਾਲ ਸਿੱਖਿਆ ਮੱਧ ਵਰਗ ਤੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਪਹੁੰਚ ਤੋਂ ਵੀ ਬਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਸਮੇਂ ’ਚ ਨਵੀਂ ਸਿੱਖਿਆ ਨੀਤੀ ਦੇ ਆਉਣ ’ਤੇ ਹੀ ਵੱਡਾ ਸੁਆਲ ਖੜ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਅਕਾਦਮੀਸ਼ੀਅਨਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਗਈ।
-ਪੀਟੀਆਈ
ਕੇਂਦਰ ਕਿਸੇ ਵੀ ਸੂਬੇ ’ਤੇ ਕੋਈ ਭਾਸ਼ਾ ਨਹੀਂ ਥੋਪੇਗਾ: ਪੋਖਰਿਆਲ
ਚੇਨਈ: ਸਿੱਖਿਆ ਲਈ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ (ਐੱਨਈਪੀ) 2020 ਤਹਿਤ ਕੇਂਦਰ ਸਰਕਾਰ ਕਿਸੇ ਵੀ ਸੂਬੇ ’ਤੇ ਕੋਈ ਵੀ ਭਾਸ਼ਾ ਲਾਗੂ ਨਹੀਂ ਥੋਪੇਗੀ। ਉਨ੍ਹਾਂ ਇਹ ਸਪੱਸ਼ਟੀਕਰਨ ਐੱਨਈਪੀ ਵੱਲੋਂ ਤਾਮਿਲਨਾਡੂ ’ਚ ਕਥਿਤ ਤੌਰ ’ਤੇ ਹਿੰਦੀ ਤੇ ਸੰਸਕ੍ਰਿਤ ਥੋਪਣ ਖ਼ਿਲਾਫ਼ ਜ਼ਾਹਰ ਰੋਸ ਦੇ ਜੁਆਬ ਵਜੋਂ ਟਵਿੱਟਰ ’ਤੇ ਤਮਿਲ ’ਚ ਟਵੀਟ ਕਰ ਕੇ ਦਿੱਤਾ। ਤਾਮਿਲਨਾਡੂ ’ਚ ਐੱਮ ਕੇ ਸਟਾਲਿਨ ਦੀ ਅਗਵਾਈ ਵਾਲੀ ਡੀਐੱਮਕੇ ਤੇ ਹੋਰ ਕਈ ਪਾਰਟੀਆਂ ਨੇ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰਦਿਆਂ ਇਸ ਵੱਲੋਂ ਤਜਵੀਜ਼ਤ ਸੁਧਾਰਾਂ ਦੇ ਪੁਨਰ-ਮੁਲਾਂਕਣ ਦੀ ਮੰਗ ਕੀਤੀ ਹੈ।-ਪੀਟੀਆਈ