ਨਵੀਂ ਦਿੱਲੀ, 11 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਨਵੇਂ ਯੁੱਗ ਦੀ ਸਿਰਜਣਾ ਦਾ ਬੀਜ ਹੈ। ਇਹ 21ਵੀਂ ਸਦੀ ਦੇ ਭਾਰਤ ਨੂੰ ਇਕ ਨਵੀਂ ਦਿਸ਼ਾ ਦੇਵੇਗਾ। ਸਾਡਾ ਕੰਮ ਅਜੇ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਰਕਸ਼ੀਟ ਵਿਦਿਆਰਥੀਆਂ ਲਈ ਪ੍ਰੈਸ਼ਰਸ਼ੀਟ ਅਤੇ ਪਰਿਵਾਰਾਂ ਲਈ ‘ਵੱਕਾਰਸ਼ੀਟ’ ਬਣ ਗਈ ਹੈ। ਇਸ ਲਈ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਇਸ ਤਣਾਅ ਤੋਂ ਬਾਹਰ ਕੱਢਣਾ ਰਾਸ਼ਟਰੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਹੈ। ਰਾਸ਼ਟਰੀ ਸਿੱਖਿਆ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਪਏਗਾ। ਪ੍ਰਧਾਨ ਮੰਤਰੀ ਨੇ 21ਵੀਂ ਸਦੀ ਵਿੱਚ ਸਕੂਲਿੰਗ’ ਵਿਸ਼ੇ ’ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਸਿੱਖਿਆ ਮੰਤਰਾਲੇ ਨੇ ਆਪਣੇ ਸੁਝਾਅ ਮੰਗੇ ਸਨ ਤੇ ਹਫਤੇ ਦੇ ਅੰਦਰ 15 ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਦੇਸ਼ ਵਿੱਚ ਅੰਕ ਅਤੇ ਮਾਰਕਸ਼ੀਟ ਅਧਾਰਤ ਸਿੱਖਿਆ ਪ੍ਰਣਾਲੀ ਦਾ ਦਬਦਬਾ ਰਿਹਾ ਹੈ।