ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਜੁਲਾਈ
ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਕਾਦੀਆਂ ਦੇ ਆਗੂ ਬਲਦੇਵ ਸਿੰਘ ਝਲੂਰ ਦੀ ਪ੍ਰਧਾਨਗੀ ਹੇਠ ਹੋਈ। ਪੰਜਾਬ ਦੇ ਸਮੂਹ ਵਰਗਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਮਹਿੰਗਾਈ ਵਿਰੁੱਧ ਅੰਦੋਲਨ ਚ ਕੀਤੀ ਸ਼ਮੂਲੀਅਤ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਸੰਘਰਸ਼ੀ ਅਖਾੜਿਆਂ ’ਚ ਨਵਾਂ ਜੋਸ਼ ਭਰਿਆ ਹੈ। ਇਸ ਦੌਰਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਭਾਜਪਾ ਹਕੂਮਤ ਦੇ ਅੰਤ ਦਾ ਕਾਰਨ ਕਿਸਾਨ ਅੰਦੋਲਨ ਬਣੇਗਾ ਅਤੇ ਭਵਿੱਖ ਵਿੱਚ ਮੋਦੀ ਸਰਕਾਰ ਵੱਲੋਂ ਲਏ ਜਾਣ ਵਾਲੇ ਲੋਕ ਵਿਰੋਧੀ ਫੈਸਲਿਆਂ ਖ਼ਿਲਾਫ਼ ਮੁਲਕ ਭਰ ਦੇ ਲੋਕਾਂ ਵਿਚ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਰਜਿੰਦਰ ਸਿੰਘ ਦੀਪ ਵਾਲਾ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਜੋ ਬਿਆਨ ਦਿੱਤਾ ਗਿਆ ਬਹੁਤ ਹੀ ਹਾਸੋਹੀਣਾ ਹੈ। ਸ੍ਰੀ ਪ੍ਰਗਟ ਸਿੰਘ ਤਲਵੰਡੀ ਨੇ ਕਿਹਾ ਕਿ ਸਮੂਹ ਵਰਗਾਂ ਦੀ ਭਰਵੀਂ ਸ਼ਮੂਲੀਅਤ ਸਾਬਤ ਕਰਦੀ ਹੈ ਕਿ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਲੀਮੈਂਟ ਵੱਲ ਮਾਰਚ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ ਅਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਲੜਾਈ ਜਾਰੀ ਰਹੇਗੀ। ਇਸ ਮੌਕੇ ਮੀਟਿੰਗ ਵਿੱਚ ਮੇਜਰ ਰੰਧਾਵਾ, ਅਮਰੀਕ ਫਫੜੇ ਭਾਈਕੇ, ਹਰਪ੍ਰੀਤ ਝਬੇਲਵਾਲੀ, ਬਲਦੇਵ ਭਾਈਰੂਪਾ, ਜਸਬੀਰ ਕੌਰ ਨੱਤ, ਪਰਸ਼ੋਤਮ ਗਿੱਲ ,ਅਮਨ ਜੈਮਲਵਾਲਾ, ਸੁਰਿੰਦਰ ਢੰਡੀਆਂ, ਚੌਧਰੀ ਜੀਆ ਲਾਲ,ਚੌਧਰੀ ਬਾਰੂ ਰਾਮ ਤੇ ਤਜਿੰਦਰ ਥਿੰਦ ਰੱਤੀਆ ਹਾਜ਼ਰ ਸਨ।