ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਫਰਵਰੀ
ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਆਈਟੀਓ ਨੇੜੇ ਭੇਤਭਰੇ ਹਾਲਾਤ ’ਚ ਮਾਰੇ ਗਏ ਨੌਜਵਾਨ ਨਵਰੀਤ ਸਿੰਘ ਹੁੰਦਲ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲੀਸ, ਉੱਤਰ ਪ੍ਰਦੇਸ਼ ਪੁਲੀਸ ਅਤੇ ‘ਆਪ’ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।
ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਬਿਡਬਿਾ ਵੱਲੋਂ ਪਾਈ ਗਈ ਪਟੀਸ਼ਨ ’ਤੇ ਇਹ ਨੋਟਿਸ ਜਾਰੀ ਹੋਏ ਹਨ। ਹਾਈ ਕੋਰਟ ਨੇ ਦਿੱਲੀ ਪੁਲੀਸ ਨੂੰ ਜਾਂਚ ਬਾਰੇ ਸਥਿਤੀ ਰਿਪੋਰਟ 26 ਫਰਵਰੀ ਜਾਂ ਇਸ ਤੋਂ ਪਹਿਲਾਂ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸਥਿਤੀ ਰਿਪੋਰਟ ਦੀ ਇਕ ਨਕਲ ਪਟੀਸ਼ਨਕਰਤਾ ਨੂੰ ਦੇਣ ਦੀ ਵੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਨਵਰੀਤ ਸਿੰਘ ਦੀ ਮੌਤ ਉਸ ਦਾ ਟਰੈਕਟਰ ਪਲਟਣ ਕਾਰਨ ਹੋਣ ਦਾ ਦਾਅਵਾ ਕੀਤਾ ਹੈ ਜਦਕਿ ਪਰਿਵਾਰ ਮੁਤਾਬਕ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।
ਜਸਟਿਸ ਯੋਗੇਸ਼ ਖੰਨਾ ਨੇੇ ਰਾਮਪੁਰ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਨਵਰੀਤ ਦਾ ਪੋਸਟਮਾਰਟਮ ਰਾਮਪੁਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਵੱਲੋਂ ਕੀਤਾ ਗਿਆ ਸੀ। ਮ੍ਰਿਤਕ ਦੇ ਦਾਦੇ ਹਰਦੀਪ ਸਿੰਘ ਵੱਲੋਂ ਪੇਸ਼ ਹੋਈ ਵਕੀਲ ਵਰਿੰਦਾ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਅਦਾਲਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਰਾਹੀਂ ਨਵਰੀਤ ਦੀ ਮੌਤ ਦੀ ਜਾਂਚ ਮੰਗੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਨੌਜਵਾਨ ਟਰੈਕਟਰ ਚਾਲਕ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ। ਵਕੀਲ ਨੇ ਕਿਹਾ ਕਿ ਚਸ਼ਮਦੀਦਾਂ ਦੇ ਬਿਆਨ ਅਤੇ ਡਾਕਟਰੀ ਰਾਇ ਤੋਂ ਇਹ ਸਾਫ਼ ਹੁੰਦਾ ਹੈ ਕਿ ਨਵਰੀਤ ਦੀ ਮੌਤ ਦਿੱਲੀ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਹੋਈ ਹੈ ਅਤੇ ਇਹ ਇਕ ਸਾਜ਼ਿਸ਼ ਵੀ ਹੋ ਸਕਦੀ ਹੈ। ਵਕੀਲ ਮੁਤਾਬਕ ਪੁਲੀਸ ਨਵਰੀਤ ਦੀ ਮੌਤ ਬਾਰੇ ਐਲਾਨ ਕਰਨ ਤੋਂ ਪਹਿਲਾਂ ਕੋਈ ਜਾਂਚ ਕਰਨ ਵਿੱਚ ਅਸਫ਼ਲ ਰਹੀ ਕਿ ਉਸ ਦੀ ਮੌਤ ਹਾਦਸੇ ਕਾਰਨ ਹੋਈ ਸੀ।
ਉਨ੍ਹਾਂ ਕਿਹਾ ਕਿ ਯੂਕੇ ਆਧਾਰਿਤ ਡਾਕਟਰ ਨੇ ਵੀ ਕਿਹਾ ਹੈ ਕਿ ਨਵਰੀਤ ਦੇ ਜਿਹੜੇ ਜ਼ਖ਼ਮ ਹਨ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਸ ਦੇ ਸਿਰ ’ਚ ਇਕ ਜਾਂ ਦੋ ਗੋਲੀਆਂ ਲੱਗੀਆਂ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਥੋਂ ਪਤਾ ਲੱਗਦਾ ਹੈ ਕਿ ਗੋਲੀ ਲੱਗਣ ਮਗਰੋਂ ਨਵਰੀਤ ਟਰੈਕਟਰ ਤੋਂ ਕੰਟਰੋਲ ਗੁਆ ਬੈਠਾ ਅਤੇ ਉਹ ਪਲਟ ਗਿਆ।
ਅਦਾਲਤ ਨੇ ਦਿੱਲੀ ਪੁਲੀਸ ਨੂੰ ਸੀਸੀਟੀਵੀ ਫੁਟੇਜ, ਹੋਰ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਬੂਤ ਸਾਂਭ ਕੇ ਰੱਖਣ ਦੇ ਹੁਕਮ ਦਿੱਤੇ ਹਨ। ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਪੁਲੀਸ ਵੱਲੋਂ ਪੇਸ਼ ਹੁੰਦਿਆਂ ਕਿਹਾ ਕਿ ਉਸ ਨੂੰ ਜਿਹੜੀ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਨਵਰੀਤ ਸਿੰਘ ਦੀ ਮੌਤ ਆਈਟੀਓ ’ਤੇ ਟਰੈਕਟਰ ਪਲਟਣ ਕਾਰਨ ਹੋਈ ਹੈ।