ਨਵੀਂ ਦਿੱਲੀ, 19 ਜਨਵਰੀ
ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਅੱਜ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ 23 ਜਨਵਰੀ ਨੂੰ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜਨਵਰੀ ਨੂੰ ਨੇਤਾਜੀ ਦੇ 125ਵੇਂ ਜਨਮ ਦਿਹਾੜੇ ਮੌਕੇ ਕੋਲਕਾਤਾ ਵਿੱਚ ਕਰਵਾਏ ਜਾਣ ਵਾਲੇ ਪਹਿਲੇ ‘ਪਰਾਕ੍ਰਮ ਦਿਵਸ’ ਸਮਾਗਮ ਵਿੱਚ ਸ਼ਾਮਲ ਹੋਣਗੇ ਤੇ ਕੌਮੀ ਲਾਇਬਰੇਰੀ ਦੇ ਮੈਦਾਨ ਵਿੱਚ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਹ ਸੁਭਾਸ਼ ਚੰਦਰ ਬੋਸ ਵੱਲੋਂ ਬਣਾਈ ਗਈ ‘ਇੰਡੀਅਨ ਨੈਸ਼ਨਲ ਆਰਮੀ’ ਦੇ ਉੱਘੇ ਮੈਂਬਰਾਂ ਨੂੰ ਮਿਲ ਕੇ ਵਧਾਈ ਵੀ ਦੇਣਗੇ। ਸ੍ਰੀ ਪਟੇਲ ਨੇ ਦੱਸਿਆ ਕਿ ਇਸ ਦੌਰਾਨ ਪੱਛਮੀ ਬੰਗਾਲ ਦੇ ਕਲਾਕਾਰ 400 ਮੀਟਰ ਲੰਮੇ ਕੈਨਵਸ ’ਤੇ ਨੇਤਾਜੀ ਦੇ ਜੀਵਨ ਨੂੰ ਦਰਸਾਉਂਦਾ ਚਿੱਤਰ ਵੀ ਬਣਾਉਣਗੇ। ਨੇਤਾਜੀ ਦੇ ਜਨਮ ਸਥਾਨ ਕਟਕ, ਉੜੀਸਾ ਵਿੱਚ ਵੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਸ਼ਾਮਲ ਹੋਣਗੇ। ਗੁਜਰਾਤ ਦੇ ਹਰੀਪੁਰਾ ਪਿੰਡ ਵਿੱਚ ਵੀ ਸਮਾਗਮ ਕਰਵਾਇਆ ਜਾਵੇਗਾ।
-ਪੀਟੀਆਈ
ਨੇਤਾ ਜੀ ਦਾ ਜਨਮ ਦਿਹਾੜਾ ‘ਪਰਾਕ੍ਰਮ ਦਿਵਸ’ ਦੀ ਥਾਂ ਦੇਸ਼ ਪ੍ਰੇਮ ਦਿਵਸ ਵਜੋਂ ਮਨਾਇਆ ਜਾਵੇ
ਕੋਲਕਾਤਾ: ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤੇ ਫਾਰਵਰਡ ਬਲਾਕ ਨੇ ਕੇਂਦਰ ਸਰਕਾਰ ਵੱਲੋਂ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਨੂੰ ‘ਪਰਾਕ੍ਰਮ ਦਿਵਸ’ ਵਜੋਂ ਮਨਾਏ ਜਾਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਟੀਐੱਮਸੀ ਆਗੂ ਸੌਗਾਤਾ ਰੌਇ ਨੇ ਕਿਹਾ ਕਿ ਸਿਰਫ਼ ‘ਪਰਾਕ੍ਰਮ ਦਿਵਸ’ ਦਾ ਐਲਾਨ ਕੀਤਾ ਜਾਣਾ ਕਾਫੀ ਨਹੀਂ ਹੈ। ਉਨ੍ਹਾਂ ਕਿਹਾ, ‘23 ਜਨਵਰੀ ਨੂੰ ਕੌਮੀ ਛੁੱਟੀ ਐਲਾਨੀ ਜਾਣੀ ਚਾਹੀਦੀ ਹੈ। ਇਹ ਸਾਡੀ ਲੰਮੇ ਸਮੇਂ ਤੋਂ ਮੰਗ ਹੈ। ਨੇਤਾ ਜੀ ਕੌਮੀ ਆਗੂ ਸਨ ਤੇ ਆਜ਼ਾਦ ਹਿੰਦ ਫੌਜ ਦੇ ਮੁਖੀ ਸਨ। ਪ੍ਰਾਕਰਮ ਦਿਵਸ ’ਚ ਇਹ ਦੋਵੇਂ ਪੱਖ ਅਣਗੌਲੇ ਕੀਤੇ ਗਏ ਹਨ। ਅਸੀਂ ਇਸ ਦਿਨ ਨੂੰ ‘ਦੇਸ਼ ਪ੍ਰੇਮ ਦਿਵਸ’ ਵਜੋਂ ਮਨਾਉਣ ਦੀ ਮੰਗ ਵੀ ਕਰਦੇ ਹਾਂ।’
-ਪੀਟੀਆਈ