ਹੁਬਲੀ/ਸ਼ਿਵਮੋਗਾ, (ਕਰਨਾਟਕ), 22 ਅਪਰੈਲ
ਪਿਛਲੇ ਦਿਨੀਂ ਕਤਲ ਹੋਈ ਵਿਦਿਆਰਥਣ ਨੇਹਾ ਹਿਰੇਮਥ ਦੀ ਪੋਸਟਮਾਰਟਮ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਸਿਰਫ 30 ਸਕਿੰਟਾਂ ’ਚ ਹੀ ਉਸ ’ਤੇ ਚਾਕੂ ਦੇ 14 ਵਾਰ ਕੀਤੇ ਗਏ ਸਨ। ਪੁਲੀਸ ਨੇ ਅੱਜ ਇਸ ਦੀ ਪੁਸ਼ਟੀ ਕੀਤੀ। ਨੇਹਾ ਹਿਰੇਮਥ (23) ਹੁਬਲੀ ਅਧੀਨ ਧਾਰਵਾੜ ਨਗਰ ਨਿਗਮ ਦੇ ਕੌਂਸਲਰ ਤੇ ਕਾਂਗਰਸੀ ਆਗੂ ਨਿਰੰਜਨ ਹਿਰੇਮਥ ਦੀ ਬੇਟੀ ਸੀ ਜਿਸ ਦੀ 18 ਅਪਰੈਲ ਨੂੰ ਧਾਰਵਾੜ ਦੇ ਬੀਵੀਬੀ ਕਾਲਜ ’ਚ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੇਹਾ ਬੀਵੀਵੀ ਕਾਲਜ ’ਚ ਐੱਮਸੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ ਅਤੇ ਮੁਲਜ਼ਮ ਫਯਾਜ਼ ਕੋਂਡੀਕੋਪਾ ਉਸ ਦਾ ਜਮਾਤੀ ਸੀ। ਪੁਲੀਸ ਨੇ ਫਯਾਜ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਘਟਨਾ ਨੂੰ ਲੈ ਕੇ ਕਰਨਾਟਕ ’ਚ ਰੋਸ ਫੈਲ ਗਿਆ ਸੀ। ਇਸੇ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨੇਹਾ ਹਿਰੇਮਥ ਦੀ ਹੱਤਿਆ ਦੀ ਜਾਂਚ ਸੀਆਈਡੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਮਾਮਲੇ ਦੇ ਜਲਦੀ ਨਿਬੇੜੇ ਲਈ ਇੱਕ ਵਿਸ਼ੇਸ਼ ਅਦਾਲਤ ਵੀ ਕਾਇਮ ਕੀਤੀ ਜਾਵੇਗੀ। ਗ੍ਰਹਿ ਮੰਤਰੀ ਨੇ ਜੀ. ਪਰਮੇਸ਼ਵਰ ਨੇ ਕਿਹਾ ਕਿ ਸੀਆਈਡੀ ਇਸ ਮਾਮਲੇ ’ਚ ਆਪਣੀ ਰਿਪੋਰਟ 12 ਦਿਨਾਂ ਦੇ ਅੰਦਰ ਸੌਂਪੇਗੀ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਸ ਘਟਨਾ ਦੀ ਵਰਤੋਂ ਸਿਆਸੀ ਫਾਇਦੇ ਲਈ ਕੀਤੀ ਜਾ ਰਹੀ ਹੈ, ਜਿਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਪੋਸਟਰਮਾਰਟਮ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਫਯਾਜ਼ ਕੋਂਡੀਕੋਪਾ ਨੇ ਨੇਹਾ ਦੀ ਛਾਤੀ ਅਤੇ ਗਰਦਨ ’ਤੇ ਵਾਰ ਕੀਤੇ। ਪੁਲੀਸ ਦੇ ਸੂਤਰਾਂ ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਨਾਲ ਕਿਹਾ, ‘‘ਨੇਹਾ ਦੀ ਗਰਦਨ ’ਤੇ ਚਾਕੂ ਦੇ ਕਈ ਵਾਰ ਕੀਤੇ ਗਏ ਜਿਸ ਕਾਰਨ ਉਸ ਦੀਆਂ ਖੂਨ ਵਾਲੀਆਂ ਨਾੜੀਆਂ ਕੱਟੀਆਂ ਗਈਆਂ ਅਤੇ ਜ਼ਿਆਦਾ ਖੂਨ ਵਗਣ ਕਰਕੇ ਨੇਹਾ ਦੀ ਮੌਤ ਹੋ ਗਈ।’’ ਸੂਤਰਾਂ ਮੁਤਾਬਕ ਮੁਲਜ਼ਮ ਨੇ ਪਹਿਲਾਂ ਨੇਹਾ ਦੀ ਗਰਦਨ ਤੇ ਫਿਰ ਪੇਟ ਸਣੇ ਸਰੀਰ ਦੇ ਹਿੱਸਿਆਂ ’ਤੇ ਵੀ ਚਾਕੂ ਮਾਰੇ। ਮੁਲਜ਼ਮ ਨੇ ਉਸ ਦਾ ਗਲਾ ਕੱਟਣ ਦੀ ਕੋਸ਼ਿਸ਼ ਵੀ ਕੀਤੀ।
ਨੇਹਾ ਹੁਬਲੀ ਦੇ ਬੀਵੀਵੀ ਕਾਲਜ ’ਚ ਪੜ੍ਹਦੀ ਸੀ। ਨਾਰਾਜ਼ ਪ੍ਰੇਮੀ ਫਯਾਜ਼ ਕੋਂਡੀਕੋਪਾ ਨੇ ਉਸ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਸੀ। ਦੋਵਾਂ ਨੇ ਬੀਸੀਏ ਦੀ ਪੜ੍ਹਾਈ ਇਕੱਠਿਆਂ ਕੀਤੀ ਸੀ ਤੇ ਦੋਵੇਂ ਦੋਸਤ ਸਨ। ਫਯਾਜ਼ ਨੇ ਬੀਸੀਏ ਤੋਂ ਬਾਆਦ ਪੜ੍ਹਾਈ ਛੱਡ ਦਿੱਤੀ ਸੀ। ਨੇਹਾ ਦੇ ਪਿਤਾ ਤੇ ਕਾਂਗਰਸੀ ਕੌਂਸਲਰ ਨਿਰੰਜਨ ਹਿਰੇਮਥ ਨੇ ਕਿਹਾ ਕਿ ਮੁਲਜ਼ਮ ਕਈ ਵਰ੍ਹਿਆਂ ਤੋਂ ਉਸ ਦੀ ਬੇਟੀ ਦਾ ਜਬਰੀ ਧਰਮ ਪਰਿਵਰਤਨ ਕਰਵਾਉਣਾ ਚਾਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ, ‘‘ਜਦੋਂ ਉਸ (ਨੇਹਾ) ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੈਂਗ ਨਾਲ ਮਿਲ ਕੇ ਸਾਜ਼ਿਸ਼ ਘੜੀ ਅਤੇ ਬੇਰਹਿਮੀ ਨਾਲ ਉਸ ਦੀ ਹੱਤਿਆ ਕਰ ਦਿੱਤੀ।’’ -ਆਈਏਐੱਨਐੱਸ/ਪੀਟੀਆਈ
ਭਾਜਪਾ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ
ਬੰਗਲੂਰੂ: ਕਰਨਾਟਕ ’ਚ ਨੇਹਾ ਹਿਰੇਮਥ ਦੇ ਕਤਲ ਖ਼ਿਲਾਫ ਭਾਜਪਾ ਨੇ ਅੱਜ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ। ਭਾਜਪਾ ਨੇ ਇਸ ਘਟਨਾ ਲਈ ਕਾਂਗਰਸ ਸਰਕਾਰ ਦੀ ਕਥਿਤ ‘ਤੁਸ਼ਟੀਕਰਨ ਦੀ ਰਾਜਨੀਤੀ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਜਪਾ ਸੂਬਾ ਇਕਾਈ ਦੇ ਪ੍ਰਧਾਨ ਬੀ.ਵਾਈ. ਵਿਜੇਂਦਰ ਨੇ ਮੈਸੂਰ ’ਚ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ। ਪਾਰਟੀ ਨੇ ਬੇਲਾਰੀ, ਬਗਲਕੋਟ, ਕਲਬੁਰਗੀ, ਹੁਬਲੀ ਤੇ ਧਾਰਵਾੜ ਆਦਿ ’ਚ ਵੀ ਰੋਸ ਮੁਜ਼ਾਹਰੇ ਕੀਤੇ ਅਤੇ ਸੜਕਾਂ ’ਤੇ ਟਾਇਰ ਸਾੜ ਕੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਧਾਰਵਾੜ ਅਧਾਰਿਤ ਅੰਜੂਮਨ-ਏ-ਇਸਲਾਮ ਜਥੇਬੰਦੀ ਨੇ ਨੇਹਾ ਦੀ ਹੱਤਿਆ ਦੇ ਸੋਗ ਵਜੋਂ ਅਤੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਅੱਧੇ ਦਿਨ ਦਾ ਬੰਦ ਰੱਖਿਆ। ਦੂਜੇ ਪਾਸੇ ਵਿਰੋਧ ਪ੍ਰਦਰਸ਼ਨ ਬਾਰੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਫੇਲ੍ਹ ਹੋ ਚੁੱਕੀ ਸੀ, ਜਿਸ ਕਰਕੇ ਉਸ ਨੂੰ ਇਸ (ਨੇਹਾ ਕਤਲ ਮਾਮਲੇ) ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ, ‘‘ਵੱਡਾ ਇੰਜਣ ਵੀ ਫੇਲ੍ਹ ਹੋ ਜਾਵੇਗਾ।’’ -ਪੀਟੀਆਈ