ਟੁਮਕੁਰੂ (ਕਰਨਾਟਕ), 9 ਅਕਤੂਬਰ
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਅੱਜ ਨੌਜਵਾਨਾਂ ਦਾ ਇਕ ਸਮੂਹ ਮਿਲਿਆ ਜਿਨ੍ਹਾਂ ਹੱਥਾਂ ਵਿਚ ਵਧ ਰਹੀ ਬੇਰੁਜ਼ਗਾਰੀ ਤੇ ਫ਼ਿਰਕੂ ਵੰਡ ਨਾਲ ਸਬੰਧਤ ਬੈਨਰ ਫੜੇ ਹੋਏ ਸਨ। ਇਹ ਨੌਜਵਾਨ ਯਾਤਰਾ ਵਿਚ ਸ਼ਾਮਲ ਹੋਏ ਤੇ ਆਪਣੇ ਮੁੱਦੇ ਕਾਂਗਰਸ ਆਗੂ ਅੱਗੇ ਰੱਖੇ। ਸੱਤ ਸਤੰਬਰ ਨੂੰ ਸ਼ੁਰੂ ਹੋਈ ਯਾਤਰਾ ਦਾ ਅੱਜ 32ਵਾਂ ਦਿਨ ਸੀ।
ਰਾਹੁਲ ਗਾਂਧੀ ਨੇ ਇਸ ਮੌਕੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਮੁਲਕ ਵਿਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਨਫ਼ਰਤੀ ਸਿਆਸਤ ਤੋਂ ਬਚਾਉਣਾ ਪਵੇਗਾ। ਰਾਹੁਲ ਦੇ ਨਾਲ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਿੱਧਾਰਮਈਆ, ਡੀਕੇ ਸ਼ਿਵਕੁਮਾਰ ਦੇ ਹੋਰ ਹਾਜ਼ਰ ਸਨ। ਰਾਹੁਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਤੇ ਭਾਈਚਾਰੇ ਦਾ ਸੁਨੇਹਾ ਦੇਣ ਲਈ ਯਾਤਰਾ ਵਿਚ ਸ਼ਾਮਲ ਹੋਣ।
ਰਾਹੁਲ ਨੇ ਨੌਜਵਾਨਾਂ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਉਹ ਕਹਿ ਰਹੇ ਹਨ ਕਿ ਭਾਰਤ ਵਿਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਮੁਲਕ ਵਿਚ ਅਜਿਹਾ ਨਫ਼ਰਤੀ ਮਾਹੌਲ ਨਹੀਂ ਸੀ, ਲੋਕਾਂ ਵਿਚ ਆਪਸੀ ਪਿਆਰ ਤੇ ਭਾਈਚਾਰਾ ਸੀ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਇਸੇ ਨਫ਼ਰਤ ਨੂੰ ਦੂਰ ਕਰਨ ਲਈ ਸ਼ੁਰੂ ਕੀਤੀ ਗਈ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਕੁਝ ਸਿਆਸੀ ਧਿਰਾਂ ਆਪਣੀ ਨਫ਼ਰਤ ਦੀ ਰਾਜਨੀਤੀ ਲਈ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਨੂੰ ਬੇਰੁਜ਼ਗਾਰ ਰੱਖ ਰਹੀਆਂ ਹਨ। -ਪੀਟੀਆਈ
ਮਹਬਿੂਬਾ ਮੁਫ਼ਤੀ ਵੱਲੋਂ ਯਾਤਰਾ ਲਈ ਰਾਹੁਲ ਦੀ ਸ਼ਲਾਘਾ
ਜੰਮੂ: ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਭਾਰਤ ਜੋੜੋ ਯਾਤਰਾ ਕਰਨ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਹੈ। ਮੁਫ਼ਤੀ ਨੇ ਕਿਹਾ ਕਿ ਲੋਕਾਂ ਨੂੰ ਰਾਹੁਲ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਮੁਲਕ ਤੇ ਇਸ ਦੀਆਂ ਲੋਕਤੰਤਰਿਕ ਸੰਸਥਾਵਾਂ ਨੂੰ ਭਾਜਪਾ ਦੇ ਦਮਨ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਵੀ ਕਿਹਾ ਕਿ ਰਾਹੁਲ ਗਾਂਧੀ ‘ਭਾਰਤ ਜੋੜੋ’ ਦਾ ਪ੍ਰਤੀਕ ਬਣ ਗਏ ਹਨ ਤੇ ਕਾਂਗਰਸ ਦੇ ਪੂਰੇ ਭਾਰਤ ਦੇ ਮਾਰਚ ਤੋਂ ਬਾਅਦ ਉਹ ਨਵੇਂ ਅਵਤਾਰ ਵਿਚ ਨਜ਼ਰ ਆਉਣਗੇ। -ਪੀਟੀਆਈ