ਅਹਿਮਦਾਬਾਦ, 4 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਜਦ ਅਸੀਂ ਭਾਰਤ ਦੇ ਸਮੁੰਦਰੀ ਹਿੱਤਾਂ ਨਾਲ ਜੁੜੇ ਮਸਲਿਆਂ ਦੀ ਗੱਲ ਕਰਦੇ ਹਾਂ ਤਾਂ ਹਿੰਦ ਮਹਾਸਾਗਰ ਦੇ ਨਾਲ-ਨਾਲ ਪ੍ਰਸ਼ਾਂਤ ਮਹਾਸਾਗਰ ਬਾਰੇ ਵੀ ਚਰਚਾ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਖੇਤਰ ਉਤੇ ਚਰਚਾ ਨਾ ਕਰਨੀ ਸੀਮਤ ਸੋਚ ਦੀ ਨਿਸ਼ਾਨੀ ਹੈ, ਤੇ ਭਾਰਤ ਨੂੰ ਇਸ ਤੋਂ ਅੱਗੇ ਜਾਣਾ ਪਏਗਾ। ਜੈਸ਼ੰਕਰ ਨੇ ਕਿਹਾ, ‘ਹਿੰਦ-ਪ੍ਰਸ਼ਾਂਤ ਦੁਨੀਆ ਵਿਚ ਨਵੇਂ ਰਣਨੀਤਕ ਵਿਚਾਰ ਵਜੋਂ ਉੱਭਰ ਰਿਹਾ ਹੈ’। ਵਿਦੇਸ਼ ਮੰਤਰੀ ਜੈਸ਼ੰਕਰ ਆਪਣੀ ਕਿਤਾਬ ‘ਦਿ ਇੰਡੀਆ ਵੇਅ: ਸਟ੍ਰੈਟੀਜ਼ ਫਾਰ ਐਨ ਅਨਸਰਟੇਨ ਵਰਲਡ’ ਦੇ ਗੁਜਰਾਤੀ ਅਨੁਵਾਦ ਨੂੰ ਲਾਂਚ ਕਰਨ ਮੌਕੇ ਵਿਚਾਰ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਵਿਚਾਰ ਕਿ ਭਾਰਤ ਨੂੰ ਦੂਜੇ ਮੁਲਕਾਂ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ, ਇਕ ‘ਨਿਰਧਾਰਿਤ ਸਿਧਾਂਤ’ ਵਰਗਾ ਹੈ ਤੇ ਇਸ ਨੂੰ ਹੁਣ ਬਦਲਣਾ ਚਾਹੀਦਾ ਹੈ। ਜੈਸ਼ੰਕਰ ਨੇ ਕਿਹਾ ਕਿ ਦੁਨੀਆ ਦੇ ਪੰਜਵੇਂ ਵੱਡੇ ਅਰਥਚਾਰੇ ਵਜੋਂ ਭਾਰਤ ਨੂੰ ਆਤਮ ਵਿਸ਼ਵਾਸ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਪੱਖ ਤੋਂ ਪੱਛੜ ਰਿਹਾ ਹੈ ਕਿਉਂਕਿ ਸਾਡੀਆਂ ਆਦਤਾਂ ਨੇ ਸਾਨੂੰ ਬੰਨ੍ਹਿਆ ਹੋਇਆ ਹੈ। ਜੈਸ਼ੰਕਰ ਨੇ ਨਾਲ ਹੀ ਕਿਹਾ ਕਿ, ‘ਅਮਰੀਕਾ ਨੂੰ ਨਾਲ ਰੱਖਣਾ, ਚੀਨ ਨਾਲ ਨਜਿੱਠਣਾ, ਯੂਰੋਪ ਨਾਲ ਸਬੰਧਤ ਮਜ਼ਬੂਤ ਕਰਨਾ, ਰੂਸ ਨਾਲ ਭਰੋਸਾ ਕਾਇਮ ਰੱਖਣਾ, ਜਪਾਨ ਨੂੰ ਨਾਲ ਲਿਆਉਣਾ’, ਭਾਰਤ ਦੀ ਵਿਦੇਸ਼ ਨੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ 50 ਪ੍ਰਤੀਸ਼ਤ ਤੋਂ ਵੱਧ ਵਪਾਰ ਪੂਰਬ ਵੱਲ ਜਾਂਦਾ ਹੈ ਜੋ ਕਿ ਪ੍ਰਸ਼ਾਂਤ ਮਹਾਸਾਗਰ ਨਾਲ ਲੱਗਦਾ ਖੇਤਰ ਹੈ। ਉਨ੍ਹਾਂ ਕਿਹਾ, ‘ਹਿੰਦ ਤੇ ਪ੍ਰਸ਼ਾਂਤ ਮਹਾਸਾਗਰ ਨਕਸ਼ੇ ਵਿਚ ਹੀ ਵੱਖ-ਵੱਖ ਹਨ, ਹਾਲਾਂਕਿ ਅਸਲੀਅਤ ਵਿਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ।’ -ਪੀਟੀਆਈ