ਨਵੀਂ ਦਿੱਲੀ, 3 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਭਵਿੱਖ ਲਈ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਨੇ ਭਵਿੱਖ ਦੀਆਂ ਬੇਯਕੀਨੀਆਂ ਤੋਂ ਬਚਣਾ ਹੈ ਤਾਂ ਇਸ ਦੀ ਆਬਾਦੀ ’ਚ ਕੰਮ ਕਰਨ ਵਾਲੇ ਲੋਕਾਂ ਦੀ ਦਰ ਆਸ਼ਰਿਤਾਂ ਨਾਲੋਂ ਵੱਧ ਹੋਣੀ ਚਾਹੀਦੀ ਹੈ। ਰਾਸ਼ਟਰਪਤੀ ਇੱਥੇ ਆਈਆਈਟੀ ਦਿੱਲੀ ਦੇ ਡਾਇਮੰਡ ਜੁਬਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘ਭਾਰਤ ਕੋਲ ਬਹੁਤ ਸਾਰਾ ਹੁਨਰ ਹੈ ਜਿਸ ਦੀ ਅਜੇ ਤੱਕ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਗਈ। ਸਾਨੂੰ ਆਪਣੀਆਂ ਸੰਸਥਾਵਾਂ ਨੂੰ ਭਵਿੱਖ ਦੀਆਂ ਲੋੜਾਂ ਲਈ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਨਵੇਂ ਭਵਿੱਖਮੁਖੀ ਸਿੱਖਿਆ ਪ੍ਰੋਗਰਾਮ, ਅਧਿਆਪਨ ਤੇ ਵਿਸ਼ਿਆਂ ਦੀ ਲੋੜ ਹੈ। ਮੈਨੂੰ ਯਕੀਨ ਹੈ ਕਿ ਸਾਡੀਆਂ ਆਈਆਈਟੀਜ਼ ਨਵੀਂ ਪੀੜ੍ਹੀ ਨੂੰ ਜ਼ਰੂਰੀ ਬੁਨਿਆਦੀ ਜਾਣਕਾਰੀ ਤੇ ਹੁਨਰ ਮੁਹੱਈਆ ਕਰਨਗੀਆਂ ਤਾਂ ਜੋ ਉਹ ਭਵਿੱਖੀ ਚੁਣੌਤੀਆਂ ਦਾ ਸਾਹਮਣਾ ਕਰ ਸਕੇ।’ ਆਈਆਈਟੀਜ਼ ਨੂੰ ਦੇਸ਼ ਦਾ ਮਾਣ ਦਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਦੀ ਕਹਾਣੀ ਦੇਸ਼ ਦੀ ਆਜ਼ਾਦੀ ਦੀ ਕਹਾਣੀ ਹੈ। -ਪੀਟੀਆਈ