ਗਾਂਧੀਨਗਰ, 10 ਅਗਸਤ
ਹਵਾਈ ਸੈਨਾ ਮੁਖੀ ਵੀਆਰ ਚੌਧਰੀ ਨੇ ਅੱਜ ਕਿਹਾ ਕਿ ਚੁਣੌਤੀਪੂਰਨ ਸੁਰੱਖਿਆ ਹਾਲਾਤ ’ਚ ਫੌਜੀ ਅਧਿਕਾਰੀਆਂ ਲਈ ਸਿੱਖਿਆ ਤੇ ਸਿਖਲਾਈ ਪੈਟਰਨ ਨੂੰ ਅਪਗਰੇਡ ਤੇ ਆਧੁਨਿਕ ਕੀਤੇ ਜਾਣ ਦੀ ਲੋੜ ਹੈ। ਏਅਰ ਚੀਫ ਮਾਰਸ਼ਲ ਚੌਧਰੀ ਹਵਾਈ ਸੈਨਾ ਤੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ (ਆਰਆਰਯੂ) ਵਿਚਾਲੇ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖ਼ਤ ਕਰਨ ਲਈ ਗਾਂਧੀਨਗਰ ’ਚ ਸਨ।
ਐੱਮਓਯੂ ’ਤੇ ਦਸਤਖ਼ਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ, ‘ਸੰਘਰਸ਼ ਦੇ ਰਵਾਇਤੀ ਖੇਤਰ ਜਿੱਥੇ ਲਗਾਤਾਰ ਵਿਕਸਿਤ ਹੋ ਰਹੇ ਹਨ ਉੱਥੇ ਹੀ ਨਵੇਂ ਜੰਗੀ ਸਾਧਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਸੂਚਨਾ ਦੇ ਇਸ ਯੁੱਗ ’ਚ ਗਿਆਨ ਇੱਕ ਕੇਂਦਰੀ ਸਰੋਤ ਬਣ ਰਿਹਾ ਹੈ ਅਤੇ ਰਣਨੀਤੀ ਤੇ ਭੂ-ਰਾਜਨੀਤੀ ’ਤੇ ਸੂਚਨਾ ਦਾ ਅਸਰ ਤੇਜ਼ੀ ਨਾਲ ਪੈ ਰਿਹਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ, ‘ਸੁਰੱਖਿਆ ਖਤਰਿਆਂ ਦੀ ਪ੍ਰਕਿਰਤੀ ’ਚ ਕਈ ਤਬਦੀਲੀਆਂ ਆ ਰਹੀਆਂ ਹਨ ਤੇ ਰਣਨੀਤਕ ਟੀਚਿਆਂ ਦੀ ਪ੍ਰਾਪਤੀ ਲਈ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ।’ ਉਨ੍ਹਾਂ ਕਿਹਾ ਕਿ ਤਕਨੀਕ, ਸਿਖਲਾਈ ਤੇ ਸਿੱਖਿਆ ਭਵਿੱਖ ਦੀ ਕਿਸੇ ਜੰਗ ਲਈ ਇੱਕ ਫੌਜੀ ਅਫਸਰ ਤਿਆਰ ਕਰਨ ਦੇ ਅਹਿਮ ਪੱਖ ਹਨ। ਏਅਰ ਚੀਫ ਮਾਰਸ਼ਲ ਨੇ ਕਿਹਾ, ‘ਅਜਿਹੇ ਹਾਲਾਤ ਵਿੱਚ ਸਾਨੂੰ ਸਿੱਖਿਆ ਤੇ ਸਿਖਲਾਈ ਨੂੰ ਆਧੁਨਿਕ ਤੇ ਅਪਗਰੇਡ ਕਰਨ ਦੀ ਲੋੜ ਹੈ।’ -ਪੀਟੀਆਈ