ਨਵੀਂ ਦਿੱਲੀ, 16 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਲਈ ‘ਪੰਜ ਪ੍ਰਣ’ (ਪੰਜ ਸੰਕਲਪਾਂ) ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਦੇਸ਼ ਨੂੰ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਜੌੜੀਆਂ ਅਲਾਮਤਾਂ, ਜਿਨ੍ਹਾਂ ਦੀ ਹੋਂਦ ਸਿਆਸਤ ਤੋਂ ਵੀ ਪਾਰ ਹੈ, ਖਿਲਾਫ਼ ‘ਨਫ਼ਰਤ’ ਦਾ ਜਜ਼ਬਾ ਰੱਖਣ ਦੀ ਲੋੜ ਹੈ। ਸ੍ਰੀ ਮੋਦੀ ਸੋਮਵਾਰ ਨੂੰ ਲਾਲ ਕਿਲੇ ਦੀ ਫਸੀਲ ਤੋਂ ਦੇਸ਼ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਲਗਾਤਾਰ 9ਵੀਂ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਮੋਦੀ ਨੇ ਕਿਹਾ, ‘‘ਰਾਸ਼ਟਰ ਨੂੰ ਹੁਣ ਸਿਰਫ਼ ਵੱਡੇ ਟੀਚੇ ਸਥਾਪਤ ਕਰਨੇ ਚਾਹੀਦੇ ਹਨ। ਇਹ ਵੱਡਾ ਟੀਚਾ ਵਿਕਸਤ ਭਾਰਤ ਦਾ ਹੈ ਤੇ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ।’’ ਉਨ੍ਹਾਂ ਆਪਣੀ ਤਕਰੀਰ ਵਿੱਚ ਪਰਿਵਾਰਵਾਦੀ ਸਿਆਸਤ ਕਰਕੇ ਦਰਪੇਸ਼ ਚੁਣੌਤੀਆਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਰਾਸ਼ਟਰ ਨੂੰ ਦਰਪੇਸ਼ ਦੋ ਮੁੱਖ ਚੁਣੌਤੀਆਂ ਹਨ। ਭ੍ਰਿਸ਼ਟਾਚਾਰ ‘ਦੇਸ਼ ਨੂੰ ਸਿਉਂਕ ਵਾਂਗ ਖਾ ਰਿਹਾ ਹੈ’, ਤੇ ਭਾਰਤ ਇਸ ਖਿਲਾਫ਼ ਲੜਾਈ ਦੇ ਫੈਸਲਾਕੁਨ ਦੌਰ ਵਿੱਚ ਦਾਖ਼ਲ ਹੋ ਗਿਆ ਹੈ।
ਰਵਾਇਤੀ ਕੁੜਤੇ ਤੇ ਚੂੜੀਦਾਰ ਪਜਾਮੇ, ਨੀਲੀ ਜੈਕੇਟ ਤੇ ਸਿਰ ’ਤੇ ਸਫ਼ੇਦ ਪੱਗੜੀ, ਜਿਸ ’ਤੇ ਤਿਰੰਗੇ ਵਾਲੀਆਂ ਧਾਰੀਆਂ ਸਨ, ਵਿਚ ਸਜੇ ਸ੍ਰੀ ਮੋਦੀ ਨੇ 21 ਤੋਪਾਂ ਦੀ ਸਲਾਮੀ ਦੌਰਾਨ ਕੌਮੀ ਝੰਡਾ ਲਹਿਰਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਤੇ ਆਜ਼ਾਦੀ ਦੇ 75 ਸਾਲ ਪੁੂਰੇ ਹੋਣ ਮੌਕੇ ਇਹ ਦੇਸ਼ ਲਈ ਨਵੇਂ ਦ੍ਰਿੜ ਸੰਕਲਪ ਨਾਲ ਅੱਗੇ ਵਧਣ ਦਾ ਸਮਾਂ ਹੈ। ਉਨ੍ਹਾਂ ਸਹਿਕਾਰੀ ਸੰਘਵਾਦ, ਵੰਨ-ਸੁਵੰਨਤਾ, ਨਾਗਰਿਕਾਂ ਵਿੱਚ ਏਕਾ, ਲਿੰਗ ਸਮਾਨਤਾ, ਖੋਜ ਤੇ ਨਵੀਆਂ ਕਾਢਾਂ ਦੀ ਮਜ਼ਬੂਤੀ ਨਾਲ ਵਕਾਲਤ ਕੀਤੀ। 82 ਮਿੰਟਾਂ ਦੀ ਆਪਣੀ ਤਕਰੀਰ ਦੌਰਾਨ ਪ੍ਰਧਾਨ ਮੰਤਰੀ ਨੇ ਕਿਸੇ ਨਵੇਂ ਪੇਸ਼ਕਦਮੀ ਜਾਂ ਸਕੀਮ ਦਾ ਐਲਾਨ ਨਹੀਂ ਕੀਤਾ। ਮਹਿਲਾਵਾਂ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਵਿੱਚ ਮਹਿਲਾਵਾਂ ਨੂੰ ਸਤਿਕਾਰ ਦੇਣਾ ਅਹਿਮ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਆਪਣੀ ਗੱਲਬਾਤ ਤੇ ਵਿਹਾਰ ਦੌਰਾਨ ‘ਅਸੀਂ ਅਜਿਹਾ ਕੋਈ ਕੰਮ ਨਾ ਕਰੀਏ ਜਿਸ ਨਾਲ ਮਹਿਲਾਵਾਂ ਦਾ ਮਾਣ-ਸਤਿਕਾਰ ਘਟੇ।’’ ਉਨ੍ਹਾਂ ਦੇਸ਼ ਵਾਸੀਆਂ ਨੂੰ ਖ਼ਬਰਦਾਰ ਕੀਤਾ ਕਿ ਉਹ ਪਿਛਲੇ 75 ਸਾਲਾਂ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਜਾਂ ਸੁਸਤੀ ਨਾ ਵਰਤਣ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਹੁਣ ਅਗਲੇ 25 ਸਾਲਾਂ ਵਿੱਚ ‘ਪੰਜ ਪ੍ਰਣ’ ਪੂਰੇ ਕਰਨ ਵੱਲ ਸਾਰੀ ਤਾਕਤ ਕੇਂਦਰਤ ਕਰਨੀ ਹੋਵੇਗੀ। ਉਨ੍ਹਾਂ ਜਿਹੜੇ ਪੰਜ ਸੰਕਲਪ ਦਿੱਤੇ, ਉਨ੍ਹਾਂ ਵਿੱਚ ਵਿਕਸਤ ਭਾਰਤ ਦਾ ਨਿਸ਼ਚਾ, ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਨਿਸ਼ਾਨ ਨੂੰ ਮਿਟਾਉਣਾ, ਆਪਣੀ ਵਿਰਾਸਤ ’ਤੇ ਮਾਣ ਮਹਿਸੂਸ ਕਰਨਾ, ਸਾਡੀ ਏੇਕੇ ਦੀ ਤਾਕਤ ਅਤੇ ਨਾਗਰਿਕਾਂ, ਜਿਸ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੀ ਸ਼ਾਮਲ ਹਨ, ਵਜੋਂ ਆਪਣੇ ਫ਼ਰਜ਼ਾਂ ਨੂੰ ਨਿਭਾਉਣਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਸੰਕਲਪਾਂ ਨੂੰ ਦਿਮਾਗ ਵਿੱਚ ਰੱਖ ਕੇ ਅਗਲੇ 25 ਸਾਲਾਂ ਵਿੱਚ ਆਪਣੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ‘ਅਮ੍ਰਿਤ ਕਾਲ’ ਇਨ੍ਹਾਂ ਸੁਪਨਿਆਂ ਤੇ ਟੀਚਿਆਂ ਨੂੰ ਪੂਰਾ ਕਰਨ ਦਾ ਸੁਨਹਿਰੀ ਮੌਕਾ ਹੈ। ਈਡੀ ਜਿਹੀਆਂ ਸੰਘੀ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਲੱਗ ਰਹੇ ਦੋਸ਼ਾਂ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੇ ਅੱਖੀਂ ਵੇਖਿਆ ਹੈ ਕਿ ਕੁਝ ਲੋਕਾਂ ਕੋਲ ਕਾਲਾ ਧਨ ਲੁਕਾਉਣ ਲਈ ਥਾਂ ਨਹੀਂ ਹੈ, ਜਦੋਂਕਿ ਵੱਡੀ ਗਿਣਤੀ ਲੋਕਾਂ ਕੋਲ ਰਹਿਣ ਲਈ ਥਾਂ ਨਹੀਂ ਹੈ। ਉਨ੍ਹਾਂ ਕਿਹਾ, ‘‘ਭ੍ਰਿਸ਼ਟਾਚਾਰ ਸਿਉਂਕ ਵਾਂਗ ਦੇਸ਼ ਨੂੰ ਖਾ ਰਿਹਾ ਹੈ ਤੇ ਸਾਨੂੰ ਪੂਰੀ ਤਾਕਤ ਨਾਲ ਇਸ ਦਾ ਟਾਕਰਾ ਕਰਨਾ ਹੋਵੇਗਾ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਦੇਸ਼ ਨੂੰ ਲੁੱਟਿਆ ਹੈ, ਅਸੀਂ ਇਹ ਯਕੀਨੀ ਬਣਾਈਏ ਕਿ ਉਨ੍ਹਾਂ ਨੂੰ ਉਹ ਸਭ ਕੁਝ ਮੋੜਨਾ ਪਏ।’’ ਉਨ੍ਹਾਂ ਭ੍ਰਿਸ਼ਟਾਚਾਰ ਦੇ ਮੁਲਜ਼ਮਾਂ ਨੂੰ ‘ਵਡਿਆਉਣ’ ਦੀਆਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨੂੰ ਵੀ ਭੰਡਿਆ। ਸ੍ਰੀ ਮੋਦੀ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਜਿਹੀਆਂ ਅਲਾਮਤਾਂ ਖਿਲਾਫ਼ ਲੜਨ ਨੂੰ ਆਪਣਾ ਸੰਵਿਧਾਨਕ ਤੇ ਜਮਹੂਰੀ ਫ਼ਰਜ਼ ਮੰਨਦੇ ਹਨ। -ਪੀਟੀਆਈ
ਪ੍ਰਧਾਨ ਮੰਤਰੀ ਨੇ ‘ਗੱਲਾਂ’ ਕਰਨ ਤੇ ਪੱਗੜੀ ਵਿਖਾਉਣ ਤੋਂ ਛੁਟ ਕੁਝ ਨਹੀਂ ਕੀਤਾ: ਕੇਸੀਆਰ
ਵਿਕਾਰਾਬਾਦ(ਤਿਲੰਗਾਨਾ)/ਹੈਦਰਾਬਾਦ: ਤਿਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਲਾਲ ਕਿਲੇ ਦੀ ਫ਼ਸੀਲ ਤੋਂ ਦੇਸ਼ ਦੇ ਨਾਂ ਆਪਣੇ ਸੰਬੋਧਨ ਵਿੱਚ ਸਿਰਫ਼ ‘ਗੱਲਾਂ-ਬਾਤਾਂ’ ਕਰਨ ਤੇ ਆਪਣੇ ਸਿਰ ’ਤੇ ਲੰਮੀ ਪੱਗੜੀ ਵਿਖਾਉਣ ਤੋਂ ਛੁੱਟ ਕੁਝ ਨਹੀਂ ਕੀਤਾ। ਕੇਸੀਆਰ ਨੇ ‘ਮੁਫ਼ਤ ਸੌਗਾਤਾਂ’ ਬਾਰੇ ਟਿੱਪਣੀਆਂ ਲਈ ਪ੍ਰਧਾਨ ਮੰਤਰੀ ਨੂੰ ਭੰਡਦਿਆਂ ਕਿਹਾ ਕਿ ਲੋਕ ਭਲਾਈ ਦੇ ਜਿੰਨੇ ਉਪਰਾਲੇ ਤਿਲੰਗਾਨਾ ਵਿੱਚ ਲਾਗੂ ਕੀਤੇ ਗਏ ਹਨ, ਓਨੇ ਦੇਸ਼ ਦੇ ਕਿਸੇ ਰਾਜ ਵਿੱਚ ਅਮਲ ਵਿੱਚ ਨਹੀਂ ਆਏ। ਇਸ ਦੌਰਾਨ ਸੱਤਾਧਾਰੀ ਤਿਲੰਗਾਨਾ ਰਾਸ਼ਟਰ ਸਮਿਤੀ ਨੇ ਸ੍ਰੀ ਮੋਦੀ ਨੂੰ ਪੁਰਾਣੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਕਿ ‘ਉਨ੍ਹਾਂ ਦੇ ਪਿਛਲੇ ਵਾਅਦਿਆਂ ਦਾ ਕੀ ਬਣਿਆ’। -ਪੀਟੀਆਈ