ਨਵੀਂ ਦਿੱਲੀ: ਭਾਰਤ ਵਿਚ ਚੀਨ ਦੇ ਰਾਜਦੂਤ ਸੁਨ ਵੇਈਡੌਂਗ ਨੇ ਅੱਜ ਕਿਹਾ ਕਿ ਗੁਆਂਢੀਆਂ ਵਜੋਂ ਇਹ ਸੁਭਾਵਿਕ ਹੈ ਕਿ ਚੀਨ ਤੇ ਭਾਰਤ ਵਿਚਾਲੇ ਕੁਝ ਵਖ਼ਰੇਵੇਂ ਹੋਣ, ਪਰ ਧਿਆਨ ਹਮੇਸ਼ਾ ਟਕਰਾਅ ਵਾਲੇ ਮੁੱਦਿਆਂ ਦੇ ਹੱਲ ਲਈ ਅੱਗੇ ਵਧਣ ਖਾਤਰ ਸਾਂਝੀ ਜ਼ਮੀਨ ਤਲਾਸ਼ਣ ਉਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਕਰਾਅ ਵਾਲੇ ਮੁੱਦਿਆਂ ਨੂੰ ਸੰਵਾਦ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਵੇਈਡੌਂਗ ਅਹੁਦਾ ਛੱਡ ਰਹੇ ਹਨ। ਜੂਨ, 2020 ਵਿਚ ਗਲਵਾਨ ਵਾਦੀ ’ਚ ਹੋਏ ਟਕਰਾਅ ਤੋਂ ਬਾਅਦ ਭਾਰਤ-ਚੀਨ ਦੇ ਰਿਸ਼ਤਿਆਂ ਵਿਚ ਤਣਾਅ ਬਣਿਆ ਹੋਇਆ ਹੈ। ਰਾਜਦੂਤ ਨੇ ਕਿਹਾ ਕਿ ਚੀਨ ਤੇ ਭਾਰਤ ਇਕ-ਦੂਜੇ ਲਈ ਅਹਿਮ ਗੁਆਂਢੀ ਹਨ। ਗੁਆਂਢੀ ਹੋਣ ਨਾਤੇ ਫ਼ਰਕ ਹੋਣਾ ਸੁਭਾਵਿਕ ਹੈ। ਅਹਿਮ ਗੱਲ ਇਹ ਹੈ ਕਿ ਵਖ਼ਰੇਵਿਆਂ ਦਾ ਹੱਲ ਕਿਵੇਂ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਬਾਰੇ ਚੇਤਨ ਹੋਣਾ ਜ਼ਰੂਰੀ ਹੈ ਕਿ ਵਖ਼ਰੇਵਿਆਂ ਨਾਲੋਂ ਦੋਵਾਂ ਮੁਲਕਾਂ ਦੇ ਸਾਂਝੇ ਹਿੱਤ ਵੱਡੇ ਹਨ। ਚੀਨੀ ਰਾਜਦੂਤ ਨੇ ਕਿਹਾ ਕਿ ਭਾਰਤ-ਚੀਨ ਰਿਸ਼ਤਿਆਂ ਦੀ ਵਿਆਖਿਆ ਵਖ਼ਰੇਵਿਆਂ ਦੀ ਥਾਂ ਸੰਵਾਦ ਤੇ ਤਾਲਮੇਲ ਰਾਹੀਂ ਹੋਣੀ ਚਾਹੀਦੀ ਹੈ। ਦੋਵਾਂ ਮੁਲਕਾਂ ਨੂੰ ਟਕਰਾਅ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ। ਚੀਨੀ ਰਾਜਦੂਤ ਨੇ ਕਿਹਾ ਕਿ ਜੇ ਭਾਰਤ-ਚੀਨ ਰਿਸ਼ਤਿਆਂ ’ਤੇ ਭੂਗੋਲ ਅਤੇ ਸਿਆਸਤ ਦੀ ਪੱਛਮੀ ਵਿਚਾਰਧਾਰਾ ਨੂੰ ਲਾਗੂ ਕੀਤਾ ਜਾਵੇ ਤਾਂ ਇਨ੍ਹਾਂ ਵਰਗੇ ਦੋ ਵੱਡੇ ਮੁਲਕ ਇਕ-ਦੂਜੇ ਨੂੰ ਖ਼ਤਰਾ ਤੇ ਵਿਰੋਧੀ ਮੰਨ ਕੇ ਹੀ ਚੱਲਣਗੇ। -ਪੀਟੀਆਈ