ਨਵੀਂ ਦਿੱਲੀ: ਵੋਟਰਾਂ ਨੂੰ ਭਰਮਾਉਣ ਲਈ ਮੁਫ਼ਤ ਸਹੂਲਤਾਂ ਦੀ ਸਿਆਸਤ ’ਤੇ ਚੱਲ ਰਹੀ ਬਹਿਸ ਦਰਮਿਆਨ ਉਪ ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ ਨੇ ਸਿਆਸੀ ਪਾਰਟੀਆਂ ਨੂੰ ਚੋਣਾਂ ਦੀ ਪੂਰਬਲੀ ਸੰਧਿਆ ਅਜਿਹਾ ਕੋਈ ਐਲਾਨ ਕਰਨ ਤੋਂ ਖ਼ਬਰਦਾਰ ਕੀਤਾ ਹੈ। ਨਾਇਡੂ ਨੇ ਕਿਹਾ ਕਿ ‘ਮੁਫ਼ਤ ਸਹੂਲਤ ਸਭਿਆਚਾਰ’ ਕਰਕੇ ਕਈ ਰਾਜਾਂ ਦੀ ਵਿੱਤੀ ਸਿਹਤ ਵਿਗੜਨ ਲੱਗੀ ਹੈ। ਸ੍ਰੀ ਨਾਇਡੂ ਨੇ ਇਹ ਟਿੱਪਣੀਆਂ ਉਪ ਰਾਸ਼ਟਰਪਤੀ ਵਜੋਂ ਦੇਸ਼ ਨੂੰ ਆਪਣੇ ਆਖਰੀ ਸੰਬੋਧਨ ਵਿੱਚ ਕੀਤੀਆਂ ਹਨ। ਨਾਇਡੂ ਪੰਜ ਸਾਲ ਦਾ ਆਪਣਾ ਕਾਰਜਕਾਲ ਪੂਰਾ ਹੋਣ ਮਗਰੋਂ ਬੁੱਧਵਾਰ ਨੂੰ ਅਹੁਦਾ ਛੱਡ ਰਹੇ ਹਨ। ਦਿੱਲੀ ਵਿੱਚ 2018, 2019 ਬੈਂਚਾਂ ਦੇ ਭਾਰਤੀ ਸੂਚਨਾ ਸੇਵਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਸਰਕਾਰ ਨੂੰ ਗਰੀਬ ਤੇ ਲੋੜਵੰਦਾਂ ਦੀ ਯਕੀਨੀ ਤੌਰ ’ਤੇ ਮਦਦ ਕਰਨੀ ਚਾਹੀਦੀ ਹੈ, ਪਰ ਸਿਹਤ, ਸਿੱਖਿਆ ਤੇ ਬੁਨਿਆਦੀ ਢਾਂਚਾ ਵਿਕਾਸ ਵੀ ਸਰਕਾਰਾਂ ਦੀ ਤਰਜੀਹ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਵਿਕਾਸ ਲਈ ‘ਬਹੁਤ ਖ਼ਤਰਨਾਕ’ ਹੈ। -ਪੀਟੀਆਈ