ਕਾਨਪੁਰ, 9 ਅਕਤੂਬਰ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਤੋਂ ਲੋਕਾਂ ਨੂੰ ਹਮਦਰਦੀ, ਸਮਰਪਣ ਤੇ ਫ਼ਰਜ਼ ਨਿਭਾਉਣ ਦੀ ਭਾਵਨਾ ਦਾ ਸਬਕ ਸਿੱਖਣਾ ਚਾਹੀਦਾ ਹੈ। ਵਾਲਮੀਕਿ ਜੈਅੰਤੀ ਮੌਕੇ ਸਮਾਜ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਡਾ. ਭੀਮਰਾਓ ਅੰਬੇਡਕਰ ਨੇ ਸੰਵਿਧਾਨ ਵਿਚ ਵਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਅਧਿਕਾਰ ਦੇਣ ਲਈ ਕਾਨੂੰਨ ਬਣਾਇਆ ਸੀ, ਪਰ ਸਿਰਫ਼ ਕਾਨੂੰਨ ਬਣਾ ਕੇ ਹੀ ਸਭ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦਾ ਮੰਤਵ ਨਾਬਰਾਬਰੀ ਖ਼ਤਮ ਕਰਨਾ ਸੀ। ਉਹ ਸਮਾਜ ਦੇ ਲੋਕਾਂ ਨੂੰ ਆਰਥਿਕ ਤੇ ਸਿਆਸੀ ਆਜ਼ਾਦੀ ਵੀ ਦੇਣਾ ਚਾਹੁੰਦੇ ਸਨ। ਭਾਗਵਤ ਨੇ ਕਿਹਾ ਇਹ ਸਭ ਅਸਲ ਵਿਚ ਉਦੋਂ ਹੀ ਹਾਸਲ ਕੀਤਾ ਜਾ ਸਕੇਗਾ ਜਦ ਸਮਾਜਿਕ ਆਜ਼ਾਦੀ ਮਿਲੇਗੀ। ਉਨ੍ਹਾਂ ਕਿਹਾ, ‘ਜਾਤੀ ਤੇ ਵਰਣ ਵਿਵਸਥਾ ਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ। ਅੱਜ ਜੇ ਕੋਈ ਵੀ ਇਸ ਬਾਰੇ ਪੁੱਛੇ ਤਾਂ ਸਮਾਜ ਦਾ ਹਿੱਤ ਚਾਹੁਣ ਵਾਲੇ ਸਾਰੇ ਲੋਕਾਂ ਨੂੰ ਇਹੀ ਦੱਸਣਾ ਚਾਹੀਦਾ ਹੈ ਕਿ ਜਾਤੀ ਤੇ ਵਰਣ ਵਿਵਸਥਾ ਬੀਤੇ ਵੇਲੇ ਦੀ ਗੱਲ ਹੈ ਤੇ ਇਸ ਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਸਾਡੇ ਮਨ ਵਿਚ ਦੇਸ਼ ਤੇ ਖ਼ੁਦ ਨੂੰ ਅੱਗੇ ਵਧਾਉਣ ਦੀ ਦ੍ਰਿੜ੍ਹਤਾ ਹੋਣੀ ਚਾਹੀਦੀ ਹੈ। ਸੰਘ ਮੁਖੀ ਨੇ ਕਿਹਾ ਕਿ ਜੇਕਰ ਵਾਲਮੀਕਿ ਨਾ ਹੁੰਦੇ ਤਾਂ ਭਗਵਾਨ ਰਾਮ ਨੂੰ ਸੰਸਾਰ ਅੱਜ ਨਾ ਜਾਣਦਾ ਹੁੁੰਦਾ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਨੂੰ ਹਰ ਸਥਿਤੀ ਵਿਚ ਅੱਗੇ ਵਧਾਉਣਾ ਸਿੱਖਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਾਗਵਤ ਨੇ ਨਾਨਾ ਰਾਓ ਪਾਰਕ ਵਿਚ ਵਾਲਮੀਕਿ ਦੀ ਮੂਰਤੀ ਉਤੇ ਫੁੱਲਮਾਲਾ ਭੇਂਟ ਕੀਤੀ। -ਆਈਏਐੱਨਐੱਸ