ਨਵੀਂ ਦਿੱਲੀ, 9 ਜਨਵਰੀ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਦਾਲਤਾਂ ’ਚ ਨਿਆਂ ਪ੍ਰਬੰਧਨ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਰ ਅਤੇ ਬੈਂਚ ਵਿਚਕਾਰ ਸੁਖਾਵੇਂ ਸਬੰਧਾਂ ਦੀ ਲੋੜ ਹੈ। ਜਸਟਿਸ ਐੱਮ ਆਰ ਸ਼ਾਹ ਅਤੇ ਬੀ ਵੀ ਨਾਗਰਤਨਾ ’ਤੇ ਆਧਾਰਿਤ ਬੈਂਚ ਨੇ ਇਕ ਵਕੀਲ ਵੱਲੋਂ ਦਾਖ਼ਲ ਅਰਜ਼ੀ ਦਾ ਨਬਿੇੜਾ ਕਰਦਿਆਂ ਇਹ ਟਿੱਪਣੀ ਕੀਤੀ। ਇਸ ਵਕੀਲ ਨੇ ਉੱਤਰਾਖੰਡ ਹਾਈ ਕੋਰਟ ਦੇ ਜੱਜ ਖ਼ਿਲਾਫ਼ ਅਮਪਾਨਜਨਕ ਟਿੱਪਣੀਆਂ ਕੀਤੀਆਂ ਸਨ। ਪਟੀਸ਼ਨਰ ਵਕੀਲ ਦੇ ਵਤੀਰੇ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਉਸ ਖ਼ਿਲਾਫ਼ ਕਾਰਵਾਈ ਲਈ ਮਾਮਲਾ ਬਾਰ ਕਾਊਂਸਿਲ ਦੇ ਹਵਾਲੇ ਕਰ ਦਿੱਤਾ। ਵਕੀਲ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸਿਖਰਲੀ ਅਦਾਲਤ ਦਾ ਰੁਖ ਕੀਤਾ ਸੀ। ਬੈਂਚ ਨੇ ਕਿਹਾ ਕਿ ਕਿਸੇ ਵੀ ਵਕੀਲ ਨੂੰ ਅਦਾਲਤ ’ਚ ਖਰੂਦ ਪਾਉਣ ਨਾਲ ਕੋਈ ਲਾਭ ਨਹੀਂ ਹੋਣ ਵਾਲਾ। ‘ਇਸ ਨਾਲ ਅਦਾਲਤ ਦੇ ਕਮਰੇ ’ਚ ਸਿਰਫ਼ ਮਾਹੌਲ ਖ਼ਰਾਬ ਹੁੰਦਾ ਹੈ ਅਤੇ ਕੇਸ ਖ਼ਰਾਬ ਹੋ ਸਕਦਾ ਹੈ ਜਿਸ ਦਾ ਖ਼ਮਿਆਜ਼ਾ ਕੇਸ ਕਰਨ ਵਾਲੀ ਧਿਰ ਨੂੰ ਹੋ ਸਕਦਾ ਹੈ ਜਦਕਿ ਇਸ ’ਚ ਉਸ ਦੀ ਕੋਈ ਗਲਤੀ ਨਹੀਂ ਹੁੰਦੀ ਹੈ।’ ਵਕੀਲ ਨੇ ਜੱਜ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਅਤੇ ਹਲਫ਼ਨਾਮਾ ਦਾਖ਼ਲ ਕੀਤਾ ਕਿ ਉਹ ਅੱਗੇ ਤੋਂ ਅਜਿਹੀ ਕੋਈ ਹਰਕਤ ਨਹੀਂ ਕਰੇਗਾ। ਇਸ ਮਗਰੋਂ ਸੁਪਰੀਮ ਕੋਰਟ ਨੇ ਕੇਸ ਖਾਰਜ ਕਰ ਦਿੱਤਾ। -ਪੀਟੀਆਈ