ਪੂਨੇ, 22 ਮਾਰਚ
ਮੁਲਕ ਵਿੱਚ ਫ਼ੌਜ ਦੇ ਰੰਗਰੂਟਾਂ ਨੂੰ ਸਿਖਲਾਈ ਦੇਣ ਵਾਲੀ ਅਹਿਮ ਸੰਸਥਾ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਇਸ ਵਰ੍ਹੇ ਜੂਨ ਮਹੀਨੇ ਤੋਂ ਕੈਡੇਟ ਲੜਕੀਆਂ ਦੇ ਪਹਿਲੇ ਬੈਚ ਨੂੰ ਟਰੇਨਿੰਗ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਲਈ ਤਿਆਰੀਆਂ ਵਜੋਂ ਲੜਕੀਆਂ ਦੇ ਰਹਿਣ ਲਈ ਇੱਕ ਸਕੁਐਡਰਨ ’ਚ ਮੌਜੂਦਾ ਢਾਂਚੇ ’ਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਯੂਪੀਐੱਸਸੀ-ਐੱਨਡੀਏ ਵੱਲੋਂ ਲਿਖਤੀ ਪ੍ਰੀਖਿਆ, ਸਰਵਿਸਿਜ਼ ਸਿਲੈਕਸ਼ਨ ਬੋਰਡ ਦੀਆਂ ਇੰਟਰਵਿਊਜ਼ ਤੇ ਮੈਡੀਕਲ ਟੈਸਟ ਸਫ਼ਲਤਾਪੂਰਵਕ ਪਾਸ ਕਰਨ ਮਗਰੋਂ ਸਾਢੇ 16 ਤੋਂ 19 ਸਾਲ ਦੀਆਂ ਲੜਕੀਆਂ ਨੂੰ ਤਿੰਨ ਸਾਲਾਂ ਲਈ ਟਰੇਨਿੰਗ ਦਿੱਤੀ ਜਾਵੇਗੀ। ਐੱਨਡੀਏ ਵਿੱਚ ਲੜਕੀਆਂ ਦੇ ਪਹਿਲੇ ਬੈਚ ਲਈ ਫ਼ੌਜ ਵੱਲੋਂ 10, ਏਅਰ ਫੋਰਸ ਵੱਲੋਂ 6 ਅਤੇ ਨੇਵੀ ਵੱਲੋਂ 3 ਅਸਾਮੀਆਂ ਦੀ ਮੰਗ ਸਬੰਧਤ ਸਰਵਿਸ ਹੈੱਡਕੁਆਰਟਰਾਂ ਵੱਲੋਂ ਕੀਤੀ ਗਈ ਹੈ। ਮੌਜੂਦਾ ਵਿਸ਼ਾ ਸਮੱਗਰੀ ’ਚ ਬਹੁਤੀ ਤਬਦੀਲੀ ਕੀਤੇ ਬਿਨਾਂ ਅਕਾਦਮਿਕ, ਡਰਿੱਲ, ਆਊਟਡੋਰ ਟਰੇਨਿੰਗ ਆਦਿ ਬਿਨਾਂ ਕਿਸੇ ਲਿੰਗ ਵਿਤਕਰੇ ਤੋਂ ਕੀਤੀ ਜਾਵੇਗੀ। ਪ੍ਰੈੱਸ ਰਿਲੀਜ਼ ਮੁਤਾਬਕ ਹਾਲਾਂਕਿ ਪੁਰਸ਼ ਤੇ ਮਹਿਲਾ ਕੈਡੇਟਾਂ ਦੀਆਂ ਸਰੀਰਕ ਭਿੰਨਤਾਵਾਂ ਦੇ ਮੱਦੇਨਜ਼ਰ ਲੜਕੀਆਂ ਦੀ ਫਿਜੀਕਲ ਟਰੇਨਿੰਗ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਦੌਰਾਨ ਸਟਾਫ਼ ਵੱਲੋਂ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਜ਼ਿਆਦਾਤਰ ਟਰੇਨਿੰਗ ਅਭਿਆਸ ਸਾਂਝੇ ਤੌਰ ’ਤੇ ਕਰਵਾਏ ਜਾਣਗੇ, ਕਿਉਂਕਿ ਕਈ ਥਾਈਂ ਪੁਰਸ਼ਾਂ ਦੇ ਗੁੱਟਾਂ ਦੀ ਅਗਵਾਈ ਮਹਿਲਾ ਅਧਿਕਾਰੀਆਂ ਨੂੰ ਕਰਨੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਕਈ ਪ੍ਰੀ-ਕਮਿਸ਼ਨਿੰਗ ਟਰੇਨਿੰਗ ਸੰਸਥਾਵਾਂ ਜਿਵੇਂ ਓਟੀਏ, ਚੇਨੱਈ, ਆਈਐੱਨਏ ਏਜ਼ੀਹੀਮਾਲਾ ਤੇ ਏਐੱਫਏ ਹੈਦਰਾਬਾਦ ’ਚ ਵੀ ਇੱਕਸਮਾਨ ਟਰੇਨਿੰਗ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਵਰ੍ਹੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਰੱਖਿਆ ਬਲਾਂ ਨੇ ਐੱਨਡੀਏ ਵਿੱਚ ਮਹਿਲਾਵਾਂ ਨੂੰ ਵੀ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ