ਨਵੀਂ ਦਿੱਲੀ, 7 ਅਪਰੈਲ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਦੇ ਬਿਆਨ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਮਰੀਕਾ ਆਧਾਰਤ ਹਿੰਡਨਬਰਗ ਰਿਸਰਚ ਵੱਲੋਂ ਅਡਾਨੀ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਬਾਰੇ ਕਾਂਗਰਸ ਨੇ ਅੱਜ ਕਿਹਾ ਕਿ ਇਹ ਉਸ ਦੇ ਸਹਿਯੋਗੀ ਐੱਨਸੀਪੀ ਦਾ ਆਪਣਾ ਖ਼ੁਦ ਦਾ ਵਿਚਾਰ ਹੋ ਸਕਦਾ ਹੈ ਪਰ 19 ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਸਮੂਹ ਖ਼ਿਲਾਫ਼ ਲਗਾਏ ਗਏ ਦੋਸ਼ ਅਸਲੀ ਤੇ ਕਾਫੀ ਗੰਭੀਰ ਹਨ। ਕਾਂਗਰਸ ਨੇ ਇਹ ਵੀ ਕਿਹਾ ਕਿ ਐੱਨਸੀਪੀ ਸਣੇ ਇਕ ਵਰਗੀ ਵਿਚਾਰਧਾਰਾ ਵਾਲੀਆਂ 20 ਵਿਰੋਧੀ ਪਾਰਟੀਆਂ ਇਕਜੁੱਟ ਹਨ ਅਤੇ ਭਾਜਪਾ ਦੇ ਹਮਲਿਆਂ ਤੋਂ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੀਆਂ ਹੀ ਰਹਿਣਗੀਆਂ।
ਐੱਨਡੀਟੀਵੀ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਪਵਾਰ ਨੇ ਅਡਾਨੀ ਸਮੂਹ ਦੇ ਸਮਰਥਨ ਵਿੱਚ ਆਉਂਦਿਆਂ ਸਮੂਹ ਬਾਰੇ ਹਿੰਡਨਬਰਗ ਦੀ ਖੋਜ ਰਿਪੋਰਟ ਦੁਆਲੇ ਸਿਰਜੇ ਬਿਰਤਾਂਤ ਦੀ ਆਲੋਚਨਾ ਕੀਤੀ। ਪਵਾਰ ਨੇ ਕਿਹਾ, ”ਹੋਰਨਾਂ ਵਿਅਕਤੀਆਂ ਵੱਲੋਂ ਕਾਫੀ ਜਲਦੀ ਵਿੱਚ ਅਜਿਹੀ ਬਿਆਨਬਾਜ਼ੀ ਕੀਤੀ ਗਈ ਤੇ ਕੁਝ ਦਿਨਾਂ ਲਈ ਸੰਸਦ ਵਿੱਚ ਹੰਗਾਮਾ ਹੋਇਆ ਪਰ ਇਸ ਵਾਰ ਮੁੱਦੇ ਨੂੰ ਲੋੜ ਨਾਲੋਂ ਵੱਧ ਅਹਿਮੀਅਤ ਦਿੱਤੀ ਗਈ। ਜਿਹੜੇ ਮੁੱਦੇ ਸਾਹਮਣੇ ਆਉਂਦੇ ਹਨ ਉਹ ਕੌਣ ਰੱਖਦਾ ਹੈ, ਅਸੀਂ ਇਹ ਬਿਆਨ ਦੇਣ ਵਾਲੇ ਲੋਕਾਂ ਬਾਰੇ ਅਤੇ ਇਨ੍ਹਾਂ ਦੇ ਪਿਛੋਕੜ ਬਾਰੇ ਕਦੇ ਨਹੀਂ ਸੁਣਿਆ। ਜਦੋਂ ਉਹ ਮੁੱਦੇ ਉਠਾਉਂਦੇ ਹਨ ਤਾਂ ਦੇਸ਼ ਭਰ ਵਿੱਚ ਹੰਗਾਮਾ ਹੋ ਜਾਂਦਾ ਹੈ, ਜਿਸ ਦੀ ਕੀਮਤ ਦੇਸ਼ ਦੇ ਅਰਥਚਾਰੇ ਨੂੰ ਉਠਾਉਣੀ ਪੈਂਦੀ ਹੈ। ਅਸੀਂ ਇਨ੍ਹਾਂ ਚੀਜ਼ਾਂ ਦੀ ਅਣਦੇਖੀ ਨਹੀਂ ਕਰ ਸਕਦੇ। ਅਜਿਹਾ ਲੱਗਦਾ ਹੈ ਕਿ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ।”
ਪਵਾਰ ਦੀ ਟਿੱਪਣੀ ਬਾਰੇ ਪੁੱਛਣ ‘ਤੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਐੱਨਸੀਪੀ ਦਾ ਆਪਣਾ ਵਿਚਾਰ ਹੋ ਸਕਦਾ ਹੈ ਪਰ ਇਕੋ ਵਰਗੀ ਵਿਚਾਰਧਾਰਾ ਵਾਲੀਆਂ 19 ਵਿਰੋਧੀ ਪਾਰਟੀਆਂ ਇਹ ਗੱਲ ਮੰਨ ਚੁੱਕੀਆਂ ਹਨ ਕਿ ‘ਪ੍ਰਧਾਨ ਮੰਤਰੀ ਨਾਲ ਸਬੰਧਤ ਅਡਾਨੀ ਸਮੂਹ’ ਮੁੱਦਾ ਅਸਲੀ ਤੇ ਕਾਫੀ ਗੰਭੀਰ ਹੈ ਪ੍ਰੰਤੂ ਐੱਨਸੀਪੀ ਸਣੇ ਸਾਰੀਆਂ 20 ਵਿਰੋਧੀ ਪਾਰਟੀਆਂ ਇਕਜੁੱਟ ਹਨ ਅਤੇ ਸੰਵਿਧਾਨ ਤੇ ਸਾਡੇ ਲੋਕਤੰਤਰ ਨੂੰ ਭਾਜਪਾ ਦੇ ਹਮਲਿਆਂ ਤੋਂ ਬਚਾਉਣ ਅਤੇ ਭਾਜਪਾ ਦੇ ਵੰਡ ਵਾਲੇ ਅਤੇ ਤਬਾਹਕੁਨ ਸਿਆਸਤ, ਸਮਾਜਿਕ ਤੇ ਆਰਥਿਕ ਏਜੰਡੇ ਨੂੰ ਹਰਾਉਣ ਲਈ ਇਕੱਠੀਆਂ ਹੀ ਰਹਿਣਗੀਆਂ।” -ਪੀਟੀਆਈ