ਮੁੰਬਈ, 8 ਸਤੰਬਰ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦੇ ਸਬੰਧ ’ਚ ਨਾਰਕੋਟਿਕਸ ਕੰਟਰੋਲ ਬਿਓਰੋ (ਐੱਨਸੀਬੀ) ਵੱਲੋਂ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਰ ਸ਼ਾਮ ਉਸ ਨੂੰ ਵੀਡੀਓ ਲਿੰਕ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਲਈ 22 ਸਤੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ’ਚ ਅਦਾਲਤ ਨੇ ਰੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਐੱਨਸੀਬੀ ਦੇ ਡਿਪਟੀ ਡਾਇਰੈਕਟਰ ਕੇ ਪੀ ਐੱਸ ਮਲਹੋਤਰਾ ਨੇ ਦੱਸਿਆ,‘ਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰਨ ਸਬੰਧੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ।’ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸ ਨੂੰ ਮੈਡੀਕਲ ਜਾਂਚ ਤੇ ਕੋਵਿਡ- 19 ਟੈਸਟਾਂ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਬੀਤੀ 14 ਜੂਨ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਅਪਾਰਟਮੈਂਟ ’ਚ ਮਿਲੀ ਸੀ। ਐੱਨਸੀਬੀ ਅਧਿਕਾਰੀਆਂ ਨਾਲ ਗੱਡੀ ’ਚ ਰਵਾਨਾ ਹੋਣ ਤੋਂ ਪਹਿਲਾਂ ਰੀਆ ਨੇ ਦੱਖਣੀ ਮੁੰਬਈ ਸਥਿਤ ਏਜੰਸੀ ਦੇ ਦਫ਼ਤਰ ’ਚ ਇਕੱਤਰ ਮੀਡੀਆ ਮੁਲਾਜ਼ਮਾਂ ਵੱਲ ਹੱਥ ਹਿਲਾਇਆ। ਰੀਆ ਤੋਂ ਹਾਲ ਹੀ ’ਚ ਸੀਬੀਆਈ ਦੀ ਜਾਂਚ ਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਸੀ ਜਦਕਿ ਈਡੀ ਨੇ ਵੀ ਮਨੀਲਾਂਡਰਿੰਗ ਕੇਸ ਵਿੱਚ ਉਸ ਤੋਂ ਪੁੱਛ-ਪੜਤਾਲ ਕੀਤੀ ਸੀ। ਬੀਤੇ ਦਿਨੀਂ ’ਚ ਰੀਆ ਚੱਕਰਵਰਤੀ ਨੇ ਟੀਵੀ ਚੈਨਲਾਂ ’ਤੇ ਦਿੱਤੀਆਂ ਇੰਟਰਵਿਊਜ਼ ਵਿੱਚ ਡਰੱਗਜ਼ ਲੈਣ ਦੇ ਦੋਸ਼ਾਂ ਨੂੰ ਨਕਾਰਿਆ ਸੀ।
-ਪੀਟੀਆਈ
ਕੇਂਦਰੀ ਏਜੰਸੀਆਂ ’ਤੇ ਇਕੱਲੀ ਮਹਿਲਾ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼
ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਓਰੋ ਵੱਲੋਂ ਅਦਾਕਾਰਾ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਦੇ ਕੁਝ ਮਿੰਟਾਂ ਬਾਅਦ ਹੀ ਉਨ੍ਹਾਂ ਦੇ ਵਕੀਲ ਸੀਨੀਅਰ ਐਡਵੋਕੇਟ ਸਤੀਸ਼ ਮਾਨਸ਼ਿੰਦੇ ਦੀ ਅਗਵਾਈ ਵਾਲੀ ਕਾਨੂੰਨੀ ਟੀਮ ਨੇ ਇੱਕ ਇਕੱਲੀ ਮਹਿਲਾ ਨੂੰ ‘ਪ੍ਰੇਸ਼ਾਨ’ ਕਰਨ ਲਈ ਕੇਂਦਰੀ ਏਜੰਸੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਿਰਫ਼ ਇਸ ਗੱਲ ਕਾਰਨ ਰੀਆ ਦੇ ਪਿੱਛੇ ਪਈਆਂ ਹਨ, ਕਿਉਂਕਿ ਉਸ ਨੇ ਇੱਕ ਅਜਿਹੇ ਸ਼ਖ਼ਸ ਨਾਲ ਪਿਆਰ ਕੀਤਾ ਜੋ ਨਸ਼ੇ ਦਾ ਆਦੀ ਸੀ ਅਤੇ ਕਈ ਸਾਲਾਂ ਤੋਂ ਮਾਨਸਿਕ ਸਿਹਤ ਸਬੰਧੀ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਤੇ ਜਿਸਨੇ ਆਖ਼ਰਕਾਰ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਆਪਣੀ ਮੁਵੱਕਿਲ ਵੱਲੋਂ ਮੁੰਬਈ ਪੁਲੀਸ ਕੋਲ ਦਰਜ ਕਰਵਾਈ ਤਾਜ਼ਾ ਸ਼ਿਕਾਇਤਾਂ ਬਾਰੇ ਵੀ ਦੱਸਿਆ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਬਾਂਦਰਾ ਐੱਫਆਈਆਰ ਸੀਬੀਆਈ ਕੋਲ ਤਬਦੀਲ ਕਰ ਦਿੱਤੀ ਗਈ ਹੈ।
-ਆਈਏਐੱਨਐੱਸ