ਨਵੀਂ ਦਿੱਲੀ, 5 ਅਪਰੈਲ
ਛੱਤੀਸਗੜ੍ਹ ’ਚ ਬੀਤੇ ਦਿਨ ਸੁਰੱਖਿਆ ਬਲਾਂ ’ਤੇ ਹਮਲੇ ਤੋਂ ਬਾਅਦ ਨਕਸਲੀਆਂ ਵੱਲੋਂ ਇੱਕ ਕੋਬਰਾ ਕਮਾਂਡੋ ਨੂੰ ਅਗਵਾ ਕਰਨ ਦਾ ਦਾਅਵਾ ਕੀਤਾ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਇਸ ਦਾਅਵੇ ਦੀ ਪੁਸ਼ਟੀ ਦੀਆਂ ਕੋਸ਼ਿਸ਼ਾਂ ’ਚ ਲੱਗੀਆਂ ਹੋਈਆਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਇਹ ਗੱਲ ਮੰਨਣ ਦਾ ਕਾਰਨ ਐਤਵਾਰ ਸ਼ਾਮ ਕਥਿਤ ਮਾਓਵਾਦੀ ਗਰੁੱਪ ਵੱਲੋਂ ਇੱਕ ਪੱਤਰਕਾਰ ਨੂੰ ਫੋਨ ਕਰਕੇ ਕੀਤਾ ਗਿਆ ਦਾਅਵਾ ਹੈ। ਉਨ੍ਹਾਂ ਕਿਹਾ, ‘ਅਸੀਂ ਅਜੇ ਤੱਕ 210ਵੀਂ ਕੋਬਰਾ ਬਟਾਲੀਅਨ ਦੇ ਕਮਾਂਡੋ ਰਾਕੇਸ਼ਵਰ ਸਿੰਘ ਮਿਨਹਾਸ ਦਾ ਪਤਾ ਨਹੀਂ ਲਗਾ ਸਕੇ। ਹਾਲਾਂਕਿ ਉਸ ਨੂੰ ਅਗਵਾ ਕੀਤੇ ਜਾਣ ਸਬੰਧੀ ਨਕਸਲੀਆਂ ਦੇ ਦਾਅਵੇ ਦੀ ਪੁਸ਼ਟੀ ਲਈ ਸਾਡੇ ਕੋਲ ਠੋਸ ਸਬੂਤ ਨਹੀਂ ਹਨ।’ ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀਆਂ ਕਈ ਇਕਾਈਆਂ ਅਜੇ ਵੀ ਜੰਗਲਾਂ ’ਚ ਹਨ ਜੋ ਉਹ ਜੰਮੂ ਦੇ ਰਹਿਣ ਵਾਲੇ ਕਮਾਂਡੋ ਦੀ ਭਾਲ ਕਰ ਰਹੀਆਂ ਹਨ ਤੇ ਨਕਸਲੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਰਹੀਆਂ ਹਨ। -ਪੀਟੀਆਈ