ਇਸਲਾਮਬਾਦ, 11 ਅਪਰੈਲ
ਪਾਕਿਸਤਾਨ ਦੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਗਲੇ ਮਹੀਨੇ ਈਦ ਮਗਰੋਂ ਲੰਡਨ ਤੋਂ ਪਾਕਿਸਤਾਨ ਵਾਪਸ ਆ ਸਕਦੇ ਹਨ। ਇਹ ਖੁਲਾਸਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਇੱਕ ਸੀਨਅਰ ਨੇਤਾ ਨੇ ਕੀਤਾ ਹੈ। ਮੀਆਂ ਜਾਵੇਦ ਲਤੀਫ ਨੇ ਕਿਹਾ ਕਿ ਪੀਐੱਮਐੱਲ-ਐੱਨ ਮੁਖੀ ਅਤੇ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੀ ਵਤਨ ਵਾਪਸੀ ਦੇ ਫ਼ੈਸਲੇ ਸਬੰਧੀ ਗੱਠਜੋੜ ਦੇ ਸਹਿਯੋਗੀਆਂ ਨਾਲ ਚਰਚਾ ਕੀਤੀ ਜਾਵੇਗੀ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਆਖਿਆ ਹੈ ਕਿ ਸਾਰੇ ਫ਼ੈਸਲੇ ਪਹਿਲਾਂ ਗੱਠਜੋੜ ਦੀਆਂ ਪਾਰਟੀਆਂ ਨਾਲ ਸਾਂਝੇ ਕੀਤੇ ਜਾਣਗੇ। ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਭ੍ਰਿਸ਼ਟਾਚਾਰ ਦੇ ਕਈ ਕੇਸਾਂ ਦੇ ਸਾਹਮਣਾ ਕਰ ਰਹੇ ਨਵਾਜ਼ ਸ਼ਰੀਫ ਇਸ ਸਮੇਂ ਲੰਡਨ ਵਿੱਚ ਹਨ। ਉਹ ਲਾਹੌਰ ਹਾਈ ਕੋਰਟ ਵੱਲੋਂ ਇਲਾਜ ਲਈ ਵਿਦੇਸ਼ ਜਾਣ ਵਾਸਤੇ ਚਾਰ ਹਫ਼ਤਿਆਂ ਦੀ ਆਗਿਆ ਮਿਲਣ ਮਗਰੋਂ ਲੰਡਨ ਗਏ ਸਨ ਅਤੇ ਹਾਲੇ ਤੱਕ ਉੱਥੇ ਹੀ ਹਨ। ਇਹ ਵੀ ਦੱਸਣਯੋਗ ਹੈ ਕਿ ਈਦ ਮਈ ਮਹੀਨੇ ਦੇ ਪਹਿਲੇ ਹਫ਼ਤੇ ਮਨਾਈ ਜਾਣੀ ਹੈ। -ਪੀਟੀਆਈ