ਮੁੰਬਈ, 2 ਮਈ
ਮਨੀ ਲਾਂਡਰਿੰਗ ਕੇਸ ਵਿਚ ਈਡੀ ਵੱਲੋਂ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਦੇ ਵਕੀਲ ਨੇ ਅੱਜ ਵਿਸ਼ੇਸ਼ ਕੋਰਟ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਨੂੰ ਬੁਖਾਰ ਤੇ ਪੇਚਿਸ਼ ਦੀ ਸ਼ਿਕਾਇਤ ਮਗਰੋਂ ਸਰਕਾਰੀ ਜੇ.ਜੇ.ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਹਸਪਤਾਲ ਨੇ ਵੀ ਕਿਹਾ ਕਿ ਮੰਤਰੀ ਨੂੰ ਆਈਸੀਯੂ ਵਿਚ ਨਿਗਰਾਨੀ ਹੇਠ ਰੱਖਿਆ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਹੈ। ਆਰਥਰ ਰੋਡ ਜੇਲ੍ਹ ਵਿੱਚ ਬੰਦ ਮਲਿਕ ਨੇ ਪਿਛਲੇ ਹਫ਼ਤੇ ਮੈਡੀਕਲ ਆਧਾਰ ’ਤੇ ਵਿਸ਼ੇਸ਼ ਕੋਰਟ ਤੋਂ ਛੇ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਮੰਗੀ ਸੀ। ਈਡੀ ਨੇ ਹਾਲਾਂਕਿ ਇਹ ਕਹਿੰਦਿਆਂ ਵਿਰੋਧ ਕੀਤਾ ਸੀ ਕਿ ਮਲਿਕ ਅਸਲ ਵਿੱਚ ਕਾਨੂੰਨ ਦੇ ਸ਼ਿਕੰਜੇ ’ਚੋਂ ਨਿਕਲਣ ਲਈ ਅਜਿਹੀਆਂ ਕੋਸ਼ਿਸ਼ਾਂ ਰਾਹੀਂ ਹੱਥ-ਪੈਰ ਮਾਰ ਰਿਹਾ ਹੈ। ਕੇਸ ਦੀ ਅਗਲੀ ਸੁਣਵਾਈ 5 ਮਈ ਨੂੰ ਹੋਵੇਗੀ। -ਪੀਟੀਆਈ