ਨਵੀਂ ਦਿੱਲੀ, 3 ਦਸੰਬਰ
ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਕਿਹਾ ਹੈ ਕਿ ਜਲ ਸੈਨਾ ਨੇ ਹਿੰਦ ਮਹਾਸਾਗਰ ਵਿੱਚ ਚੀਨ ਦੀਆਂ ਗਤੀਵਿਧੀਆਂ ਉੱਤੇ ਬਰੀਕੀ ਨਾਲ ਨਜ਼ਰ ਰੱਖੀ ਹੋਈ ਹੈ ਅਤੇ ਉਹ ਸੁਰੱਖਿਆ ਪ੍ਰਤੀ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਜਲ ਸੈਨਾ ਤਿਆਰ ਹੈ। ਉਨ੍ਹਾਂ ਨੇ ਤਿੰਨਾਂ ਸੈਨਾਵਾਂ ਦੇ ਏਕਾਕਰਨ ਦੀ ਦਿਸ਼ਾ ਵਿੱਚ ਹੋ ਰਹੇ ਸੁਧਾਰ ਦਾ ਸਮਰਥਨ ਕੀਤਾ। ਭਾਰਤੀ ਜਲ ਸੈਨਾ ਦਿਵਸ ਦੀ ਪੁਰਵ ਸੰਧਿਆ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੀ ਉੱਤਰੀ ਸਰਹੱਦ ਉੱਤੇ ਉਪਜੀ ਸਥਿਤੀ ਨਾਲ ਅਜਿਹੇ ਸਮੇਂ ਸੁਰੱਖਿਆ ਸਬੰਧੀ ਮਸਲੇ ਪੈਦਾ ਹੋ ਗਏ ਸਨ ਜਦੋਂ ਦੇਸ਼ ਕੋਵਿਡ ਮਹਾਮਾਰੀ ਨਾਲ ਜੂਝ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਦੂਹਰੀ ਚੁਣੌਤੀ ਦੀ ਸਥਿਤੀ ਅਜੇ ਵੀ ਜਾਰੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਾਰਤੀ ਜਲ ਸੈਨਾ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਸਮਰੱਥ ਹੈ। -ਪੀਟੀਆਈ