ਨਵੀਂ ਦਿੱਲੀ, 23 ਮਈ
ਭਾਰਤੀ ਜਲ ਸੈਨਾ ਅੱਜ 340 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ, 3700 ਤੋਂ ਵੱਧ ਆਕਸੀਜਨ ਸਿਲੰਡਰ ਤੇ ਹੋਰ ਮੈਡੀਕਲ ਸਪਲਾਈ ਵਿਦੇਸ਼ਾਂ ਤੋਂ ਲੈ ਕੇ ਭਾਰਤ ਪੁੱਜੀ ਹੈ। ਮੈਡੀਕਲ ਸਪਲਾਈ ਦੋ ਜੰਗੀ ਜਹਾਜ਼ਾਂ ਵਿਚ ਸਿੰਗਾਪੁਰ, ਬਰੂਨੇਈ ਤੇ ਕਤਰ ਤੋਂ ਲਿਆਂਦੀ ਗਈ ਹੈ। ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਆਈਐਨਐੱਸ ਜਲਾਸ਼ਵ ਅੱਜ ਵਿਸ਼ਾਖਾਪਟਨਮ ਪੁੱਜਾ ਹੈ। ਇਹ ਸਿੰਗਾਪੁਰ ਤੇ ਬਰੂਨੇਈ ਤੋਂ ਤਰਲ ਆਕਸੀਜਨ ਤੇ ਸਿਲੰਡਰ ਲੈ ਕੇ ਆਇਆ ਹੈ। ਜਹਾਜ਼ ਵਿਚ ਵੈਂਟੀਲੇਟਰ ਤੇ ਹੋਰ ਸਮੱਗਰੀ ਵੀ ਲਿਆਂਦੀ ਗਈ ਹੈ। ਆਈਐਨਐੱਸ ਤ੍ਰਿਕੰਦ ਕਤਰ ਤੋਂ ਤਰਲ ਆਕਸੀਜਨ ਤੇ ਸਿਲੰਡਰ ਲੈ ਕੇ ਪਰਤਿਆ ਹੈ। ਜਲ ਸੈਨਾ ਨੇ ‘ਸਮੁੰਦਰ ਸੇਤੂ’ ਪ੍ਰਾਜੈਕਟ ਤਹਿਤ ਨੌਂ ਜਹਾਜ਼ ਮੈਡੀਕਲ ਸਪਲਾਈ ਲਿਆਉਣ ਲਈ ਤਾਇਨਾਤ ਕੀਤੇ ਹਨ। ਖਾੜੀ ਦੇ ਮਿੱਤਰ ਦੇਸ਼ਾਂ ਤੇ ਦੱਖਣ-ਪੂਰਬੀ ਏਸ਼ੀਆ ਤੋਂ ਇਹ ਜਹਾਜ਼ ਮੈਡੀਕਲ ਮਦਦ ਲੈ ਕੇ ਆ ਰਹੇ ਹਨ। ਭਾਰਤੀ ਜਲ ਸੈਨਾ ਨੇ ਆਪਣੀਆਂ ਤਿੰਨ ਕਮਾਨਾਂ- ਮੁੰਬਈ, ਵਿਸ਼ਾਖਾਪਟਨਮ ਤੇ ਕੋਚੀ ਨੂੰ ਇਸ ਕੰਮ ਉਤੇ ਲਾਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜਲ ਸੈਨਾ ਵਿਦੇਸ਼ਾਂ ਵਿਚ ਮਹਾਮਾਰੀ ਕਾਰਨ ਫਸੇ ਭਾਰਤੀਆਂ ਨੂੰ ਮੁਲਕ ਲੈ ਕੇ ਆਈ ਸੀ। –ਪੀਟੀਆਈ