ਨਵੀਂ ਦਿੱਲੀ, 12 ਅਕਤੂਬਰ
ਭਾਰਤੀ ਜਲ ਸੈਨਾ ਦਾ ਮਿੱਗ-29ਕੇ ਲੜਾਕੂ ਜਹਾਜ਼ ਅੱਜ ਸਵੇਰੇ ਤਕਨੀਕੀ ਨੁਕਸ ਪੈਣ ਕਰਕੇ ਗੋਆ ਦੇ ਸਾਹਿਲ ’ਤੇ ਹਾਦਸਾਗ੍ਰਸਤ ਹੋ ਗਿਆ। ਜਲਸੈਨਾ ਨੇ ਕਿਹਾ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਪਾਇਲਟ ਇਸ ਵਿਚੋਂ ਸੁਰੱਖਿਅਤ ਬਾਹਰ ਨਿਕਲ ਗਿਆ। ਨੇਵਲ ਹੈੱਡਕੁਆਰਟਰ ਨੇ ਹਾਦਸੇ ਦੇ ਕਾਰਨਾਂ ਦੀ ਘੋਖ ਲਈ ਬੋਰਡ ਆਫ਼ ਇਨਕੁਆਇਰੀ (ਬੀਓਆਈ) ਦੇ ਹੁਕਮ ਦਿੱਤੇ ਹਨ। ਜਲ ਸੈਨਾ ਨੇ ਸੰਖੇਪ ਬਿਆਨ ਵਿੱਚ ਕਿਹਾ, ‘‘ਮਿੱਗ-29ਕੇ ਗੋਆ ਦੇ ਸਮੁੰਦਰ ’ਤੇ ਰੁਟੀਨ ਗੇੜੋ ਉੱਤੇ ਸੀ ਕਿ ਵਾਪਸ ਬੇਸ ’ਤੇ ਮੁੜਦਿਆਂ ਇਸ ਵਿਚ ਤਕਨੀਕੀ ਨੁਕਸ ਪੈ ਗਿਆ। ਲੜਾਕੂ ਜਹਾਜ਼ ਦੇ ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਇਸ ਵਿਚੋਂ ਸੁਰੱਖਿਅਤ ਬਾਹਰ ਨਿਕਲ ਆਇਆ, ਜਿਸ ਨੂੰ ਤੇਜ਼ੀ ਨਾਲ ਵਿੱਢੇ ਤਲਾਸ਼ੀ ਤੇ ਬਚਾਅ ਅਪਰੇਸ਼ਨ ਦੌਰਾਨ ਲੱਭ ਲਿਆ ਗਿਆ। ਪਾਇਲਟ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਹਾਦਸੇ ਦੇ ਕਾਰਨਾਂ ਦੀ ਘੋਖ ਲਈ ਬੋਰਡ ਆਫ਼ ਇਨਕੁਆਇਰੀ ਦੇ ਹੁਕਮ ਦੇ ਦਿੱਤੇ ਗਏ ਹਨ।’’ ਮਿੱਗ-29ਕੇ ਸਾਰੇ ਮੌਸਮਾਂ ਵਿੱਚ ਕਾਰਗਰ ਮਲਟੀਰੋਲ ਲੜਾਕੂ ਜਹਾਜ਼ ਹੈ, ਜਿਸ ਨੂੰ ਰੂਸੀ ਐਰੋਸਪੇਸ ਕੰਪਨੀ ਮਾਈਕੋਯਾਨ (ਮਿੱਗ) ਨੇ ਵਿਕਸਤ ਕੀਤਾ ਹੈ। ਭਾਰਤੀ ਜਲ ਸੈਨਾ ਨੇ ਇਕ ਦਹਾਕਾ ਪਹਿਲਾਂ ਰੂਸ ਤੋਂ 2 ਅਰਬ ਅਮਰੀਕੀ ਡਾਲਰ ਵਿੱਚ 45 ਮਿੱਗ-29ਕੇ ਖਰੀਦੇ ਸਨ। ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਆਈਐੱਨਐੱਸ ਵਿਕਰਮਾਦਿੱਤਿਆ ਤੋਂ ਅਪਰੇਟ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਨਵੰਬਰ 2020 ਵਿੱਚ ਵੀ ਜਲਸੈਨਾ ਦਾ ਮਿੱਗ-29ਕੇ ਜਹਾਜ਼ ਗੋਆ ਦੇ ਸਾਹਿਲ ’ਤੇ ਅਰਬ ਸਾਗਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। -ਪੀਟੀਆਈ